ਲਾਹੌਰ ਵਿਖੇ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਦੂਜੇ ਦਿਨ ਦੋਹਾਂ ਸੂਬਿਆਂ ਦੇ ਯੋਧਿਆਂ ‘ਤੇ ਹੋਈ ਚਰਚਾ

  • ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਅਫ਼ਜ਼ਲ ਸ਼ਾਹਿਰ ਤੇ ਇਕਬਾਲ ਕੈਸਰ ਦਾ ਸਨਮਾਨ

ਲਾਹੌਰ, 6 ਮਾਰਚ : ਵਿਸ਼ਵ ਪੰਜਾਬੀ ਕਾਂਗਰਸ ਵਲੋਂ ਕਾਰਵਾਈ ਜਾ ਰਹੀ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਅੱਜ ਪੰਜਾਬ ਦੇ ਯੋਧਿਆਂ ਨੂੰ ਲੈਕੇ ਪਰਚੇ ਪੜ੍ਹੇ ਗਏ। ਕਾਨਫਰੰਸ ਦੇ ਦੂਜੇ ਦਿਨ ਹੋਈ ਸ਼ੁਰੂਆਤ ਦਾ ਉਦਘਾਟਨ ਵਿਸ਼ਵ ਪੰਜਾਬੀ ਕਾਂਗਰਸ ਦੇ ਅੰਤਰ ਰਾਸ਼ਟਰੀ ਚੇਅਰਮੈਨ ਫ਼ਖਰ ਜ਼ਮਾਨ , ਸੇਵਾ ਮੁਕਤ ਆਈ ਏ ਐਸ ਤੇ ਲੇਖਕ ਮਾਧਵੀ ਕਟਾਰੀਆ, ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਝੰਗ ਯੂਨੀਵਰਸਿਟੀ ਦੀ ਉਪ ਕੁਲਪਤੀ ਨਵੇਲਾ ਰਹਿਮਾਨ, ਗੁਰਭੇਜ ਸਿੰਘ ਕੋਹਾੜ ਵਾਲਾ ਅਤੇ ਪੰਜਾਬੀ ਸਿਨੇਮਾ ਦੇ ਅਦਾਕਾਰ ਸਵੈਰਾਜ ਸਿੰਘ ਸੰਧੂ ਨੇ ਸਾਂਝੇ ਤੌਰ ਤੇ ਕੀਤਾ । ਇਸ ਮੌਕੇ ਭਾਰਤੀ ਚੈਪਟਰ ਦੇ ਮੀਤ ਪ੍ਰਧਾਨ ਗੁਰਭਜਨ ਗਿੱਲ ਅਤੇ ਚੀਫ਼ ਕੁਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਦੀ ਹਾਜ਼ਰੀ ਵਿੱਚ ਮੁਸ਼ਹਿਰਾ ਵੀ ਹੋਇਆ। ਸੇਵਾਮੁਕਤ ਆਈਏਐਸ ਮਾਧਵੀ ਕਟਾਰੀਆ ਨੇ ਕੀਤਾ। ਅੱਜ ਪ੍ਰੋਫੈਸਰ ਨਵਰੂਪ ਕੌਰ, ਤਰਸਪਾਲ ਕੌਰ, ਸੁਨੀਲ ਕਟਾਰੀਆ, ਪੱਤਰਕਾਰ ਸ਼ਵਿੰਦਰ ਸਿੰਘ ਨੇ ਪੰਜਾਬ ਦੇ ਯੋਧਿਆਂ ਦੀ ਕਹਾਣੀਆਂ ਨੂੰ ਲੈਕੇ ਪੰਜਾਬੀਅਤ ਨੂੰ ਸੁਨੇਹਾ ਦਿੱਤਾ । ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਾਧਵੀ ਕਟਾਰੀਆ ਨੇ ਕਿਹਾ ਕਿ ਸਾਡੀ ਬੋਲੀ ਹੀ ਸਾਡੀ ਸਭ ਤੋਂ ਵੱਡੀ ਸਾਂਝ ਹੈ ਅਤੇ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਅਵਾਮ ਨੂੰ ਜੋੜਨ ਦੀ ਲੋੜ ਹੈ । ਇਸੇ ਤਰ੍ਹਾਂ ਸਵੈਰਾਜ ਸਿੰਘ ਸੰਧੂ ਨੇ ਕਿਹਾ ਕਿ ਪੰਜਾਬੀ ਸਿਨੇਮਾ ਵੀ ਦੋਹਾਂ ਸੂਬਿਆਂ ਦੇ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਪੁੱਲ ਦੀ ਤਰ੍ਹਾਂ ਕੰਮ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਅਸੀਂ ਕੋਸ਼ਿਸ ਕਰ ਰਹੇ ਕਿ ਅਗਲੀ ਕਾਨਫਰੰਸ ਚੜ੍ਹਦੇ ਪੰਜਾਬ ਵਿੱਚ ਕੀਤੀ ਜਾਵੇ। ਪ੍ਰੋਫੈਸਰ ਗੁਰਭੇਜ ਸਿੰਘ ਕੋਹਾੜਵਾਲਾ ਨੇ ਕਿਹਾ ਕਿ ਸਾਨੂੰ ਅਯੋਕੇ ਹੀਰੋ ਵੀ ਪਛਾਣਨੇ ਚਾਹੀਦੇ ਹਨ ।ਲੇਖਕ ਦਲਜੀਤ ਸਿੰਘ ਸ਼ਾਹੀ ਨੇ ਸੂਰਮਿਆਂ ਦੀ ਗਾਥਾ ਬਾਰੇ ਚਾਨਣਾ ਪਾਇਆ । ਡਾਕਟਰ ਨਵੇਲਾ ਰਹਿਮਾਨ ਨੇ ਦੱਸਿਆ ਕਿ ਹੁਣ ਲਹਿੰਦੇ ਪੰਜਾਬ ਵਿੱਚ ਹੁਣ ਪੰਜਾਬੀ ਭਾਸ਼ਾ ਨੂੰ ਸਤਿਕਾਰ ਮਿਲਣਾ ਸ਼ੁਰੂ ਹੋ ਗਿਆ ਅਤੇ ਬਹੁਤ ਸੰਘਰਸ਼ ਤੋਂ ਬਾਦ ਪੰਜਾਬੀ ਪਾਠਕ੍ਰਮ ਵਿਚ ਗਦਰ ਲਹਿਰ ਨੂੰ ਸ਼ਾਮਿਲ ਕੀਤਾ ਗਿਆ। ਕਾਨਫਰੰਸ ਦੌਰਾਨ ਹੋਏ ਮੁਸ਼ਹਿਰਾ ਦੌਰਾਨ ਸੰਬੋਧਨ ਕਰਦੇ ਹੋਏ ਗੁਰਭਜਨ ਗਿੱਲ ਨੇ ਕਿਹਾ ਕਿ ਸਾਨੂੰ ਸਭ ਨੂੰ ਰਲ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਲੋਕਾਂ ਦਾ ਆਉਣਾ ਜਾਣਾ ਸੌਖਾ ਹੋ ਜਾਵੇ ਜਿਸ ਨਾਲ ਸਾਡੀਆਂ ਪੁਰਾਣੀਆਂ ਸਾਂਝਾਂ ਹੋਰ ਮਜ਼ਬੂਤ ਹੋਣਗੀਆਂ । ਇਸਤੋਂ ਪਹਿਲਾਂ ਜੰਗ ਬਹਾਦੁਰ ਗੋਇਲ ਸੇਵਾਮੁਕਤ, ਗੁਰਚਰਨ ਕੌਰ ਕੋਛੜ, ਬਲਵਿੰਦਰ ਸਿੰਘ ਸੰਧੂ, ਦਰਸ਼ਨ ਬੁੱਟਰ, ਮਲਿਕ ਇਰਸ਼ਾਦ, ਭੁਪਿੰਦਰ ਕੌਰ ਪ੍ਰੀਤ, ਮੁਸ਼ਤਾਕ ਨਵੇਲ, ਤਾਲਿਬ ਅਫ਼ਤਾਬ, ਨਦੀਮ ਅਫ਼ਜ਼ਲ, ਜਗਦੀਪ ਸਿੰਘ ਸਿੱਧੂ, ਅਤੀਕ ਅਨਵਰ ਰਾਣਾ, ਇਰਫ਼ਾਨ ਅਹਿਮਦ, ਅਰਸ਼ਦ ਸ਼ਹਿਜ਼ਾਦ, ਨੀਲਮਾ ਬੁਸ਼ੀਰ, ਵਾਹਿਦ ਨਾਜ਼, ਮੁਸ਼ਤਾਕ ਕਮਰ, ਜੈ ਇੰਦਰ ਚੌਹਾਨ, ਅਤੀਕ ਸਾਫ਼ੀ, ਅਜ਼ਮਲ ਮੁਰਾਦ, ਰਾਜਵੰਤ ਕੌਰ ਬਾਜਵਾ, ਤਰਸਪਾਲ ਕੌਰ, ਅਫ਼ਜ਼ਲ ਸ਼ਾਹਿਰ, ਅਰਸ਼ਦ ਮਨਜ਼ੂਰ, ਨਦੀਮ ਕੈਸਰ ਨੇ ਆਪਣੀਆਂ ਨਜ਼ਮਾਂ ਰਾਹੀਂ ਰੰਗ ਬੰਨ੍ਹਿਆ । ਸ਼ਾਮ ਵੇਲੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ । ਪੰਜਾਬੀ ਦੇ ਨਾਮੀ ਗਾਇਕ ਰਵਿੰਦਰ ਗਰੇਵਾਲ ਅਤੇ ਲਹਿੰਦੇ ਪੰਜਾਬ ਦੇ ਇਮਰਾਨ ਸ਼ੌਕਤ ਅਲੀ ਤੇ ਕਾਮਰਾਨ ਵਲੀਦ ਨੇ ਆਪਣੀ ਕਲਾ ਰਾਹੀਂ ਰੰਗ ਬੰਨ੍ਹਿਆ । ਇਸੇ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ਼ ਸਕੱਤਰ ਸੁਸ਼ੀਲ ਦੋਸਾਂਝ ਦੀ ਅਗਵਾਈ ਵਿੱਚ ਲਹਿੰਦੇ ਪੰਜਾਬ ਦੀ ਨਾਮੀ ਹਸਤੀ ਸ਼ਾਇਰ ਅਫ਼ਜ਼ਲ ਸ਼ਾਹਿਰ ਤੇ ਇਕਬਾਲ ਕੈਸਰ ਨੂੰ ਗੁਰਮੁਖੀ ਲਿਪੀ ਵਿਚ ਲਿਖੀ ਹੋਈ ਲੋਈ ਨਾਲ ਸਨਮਾਨ ਕੀਤਾ ਗਿਆ । ਅੱਜ ਦੇ ਪੂਰੇ ਦਿਨ ਦੀ ਸਟੇਜ ਦੀ ਕਾਰਵਾਈ ਚੀਫ਼ ਕੁਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਅਤੇ ਲਹਿੰਦੇ ਪੰਜਾਬ ਦੀ ਸੁਘਰਾ ਸਦਫ਼ ਸਾਬਕਾ ਡਾਇਰੈਕਟਰ ਜਨਰਲ਼ ਪੰਜਾਬੀ ਇੰਸਟੀਚਿਊਟ ਆਫ ਭਾਸ਼ਾ ,ਆਰਟ ਅਤੇ ਕਲਚਰ ਨੇ ਕੀਤੀ। ਇਸ ਸਮਾਗਮ ਵਿੱਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ ਕਈ ਹੋਰ ਨਾਮੀ ਹਸਤੀਆਂ ਵੀ ਹਾਜ਼ਿਰ ਸਨ