ਰੂਸ  ਨੇ ਯੂਕਰੇਨ 'ਤੇ ਮਿਜ਼ਾਈਲਾਂ, ਡਰੋਨ ਅਤੇ ਰਾਕੇਟ ਨਾਲ ਕੀਤਾ ਹਮਲਾ, 5 ਲੋਕਾਂ ਦੀ ਮੌਤ, 37 ਜ਼ਖ਼ਮੀ

ਯੂਕਰੇਨ, 19 ਅਗਸਤ : ਰੂਸ ਅਤੇ ਯੂਕਰੇਨ ਵਿਚਾਲੇ ਯੁੱਧ ਜਾਰੀ ਹੈ। ਹਾਲ ਹੀ 'ਚ ਯੂਕਰੇਨ ਨੇ ਮਾਸਕੋ 'ਤੇ ਜਵਾਬੀ ਕਾਰਵਾਈ ਕੀਤੀ ਹੈ, ਜਿਸ ਕਾਰਨ ਰੂਸ ਭੜਕਿਆ ਤੇ ਯੂਕਰੇਨ 'ਤੇ ਮਿਜ਼ਾਈਲਾਂ, ਡਰੋਨ ਅਤੇ ਰਾਕੇਟ ਨਾਲ ਹਮਲਾ ਕਰ ਰਿਹਾ ਹੈ। ਰੂਸ ਨੇ ਯੂਕਰੇਨ ਦੇ ਚੇਰਨੀਹਾਈਵ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਹੈ, ਜਿਸ 'ਚ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 37 ਲੋਕ ਜ਼ਖ਼ਮੀ ਹੋ ਗਏ ਹਨ। ਇਹ ਜਾਣਕਾਰੀ ਯੂਕਰੇਨ ਦੇ ਗ੍ਰਹਿ ਮੰਤਰਾਲੇ ਨੇ ਸਾਂਝੀ ਕੀਤੀ। ਗ੍ਰਹਿ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਜਦੋਂ ਹਮਲਾ ਹੋਇਆ ਤਾਂ ਲੋਕ ਧਾਰਮਿਕ ਛੁੱਟੀ ਮਨਾਉਣ ਲਈ ਚਰਚ ਜਾ ਰਹੇ ਸਨ। ਰੂਸ ਵਲੋਂ ਕੀਤੇ ਗਏ ਮਿਜ਼ਾਈਲ ਹਮਲੇ 'ਚ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 37 ਲੋਕ ਜ਼ਖ਼ਮੀ ਹਨ। ਮੰਤਰਾਲੇ ਮੁਤਾਬਕ ਜ਼ਖ਼ਮੀਆਂ 'ਚ 11 ਬੱਚੇ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਕੁਝ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਜ਼ਿਕਰਯੋਗ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਇਸ ਸਮੇਂ ਸਵੀਡਨ ਦੌਰੇ 'ਤੇ ਹਨ। ਹਾਲਾਂਕਿ, ਉਨ੍ਹਾਂ ਨੇ ਟੈਲੀਗ੍ਰਾਮ 'ਤੇ ਰੂਸੀ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਮਿਜ਼ਾਈਲ ਚੇਰਨੀਹਿਵ ਵਿਚ ਸਾਡੇ ਸ਼ਹਿਰ ਦੇ ਬਿਲਕੁਲ ਵਿਚਕਾਰ ਡਿੱਗੀ। ਇਥੇ ਇਕ ਪੌਲੀਟੈਕਨਿਕ ਯੂਨੀਵਰਸਿਟੀ ਅਤੇ ਇਕ ਥੀਏਟਰ ਵੀ ਹੈ। ਅਜਿਹੇ 'ਚ ਰੂਸ ਦਾ ਇਹ ਹਮਲਾ ਉਨ੍ਹਾਂ ਦੀ ਅੱਤਵਾਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਜ਼ੇਲੇਂਸਕੀ ਨੇ ਅੱਗੇ ਕਿਹਾ ਕਿ ਚੇਰਨੀਹਾਈਵ ਸ਼ਹਿਰ ਦੇ ਲੋਕਾਂ ਲਈ ਇਕ ਆਮ ਦਿਨ ਨੂੰ ਰੂਸ ਨੇ ਦੁਖਦਾਈ ਅਤੇ ਦਰਦਨਾਕ ਦਿਨ ਵਿਚ ਬਦਲ ਦਿਤਾ। ਜ਼ੇਲੇਨਸਕੀ ਨੇ ਪੋਸਟ ਦੇ ਨਾਲ ਇਕ ਛੋਟਾ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਖੇਤਰੀ ਡਰਾਮਾ ਥੀਏਟਰ ਦੇ ਸਾਹਮਣੇ ਇਕ ਚੌਰਾਹੇ ਵਿਚ ਫੈਲਿਆ ਮਲਬਾ ਅਤੇ ਉਥੇ ਖੜ੍ਹੀਆਂ ਕਾਰਾਂ ਨੂੰ ਭਾਰੀ ਨੁਕਸਾਨ ਹੋਇਆ ਦਿਖਾਇਆ ਗਿਆ ਹੈ।