ਨਿਊਟਨ ਲਾਇਬਰੇਰੀ ਵਿਚ ਹਰਸਿਮਰਨ ਸਿੰਘ ਦੀ ਅੰਗਰੇਜ਼ੀ ਪੁਸਤਕ ‘ਦੀਪ ਸਿੰਘ ਸ਼ਹੀਦ-ਦਿ ਮੈਨ ਇਨ ਦਿ ਲੀਜ਼ੈਂਡ’ ਦਾ ਰਿਲੀਜ਼ ਸਮਾਗਮ

ਕੈਨੇਡਾ (ਸਰੀ) : ਹਰਸਿਮਰਨ ਸਿੰਘ ਵੱਲੋਂ ਬਾਬਾ ਦੀਪ ਸਿੰਘ ਦੇ ਜੀਵਨ ਸੰਬੰਧੀ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਖੋਜ ਭਰਪੂਰ ਪੁਸਤਕ ‘ਦੀਪ ਸਿੰਘ ਸ਼ਹੀਦ-ਦਿ ਮੈਨ ਇਨ ਦਿ ਲੀਜ਼ੈਂਡ’ ਰਿਲੀਜ਼ ਕਰਨ ਲਈ ਨਿਊਟਨ ਲਾਇਬਰੇਰੀ ਸਰੀ ਵਿਚ ਇਕ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਸੰਚਾਲਨ ਕਰਦਿਆਂ ਪਵਨਦੀਪ ਕੌਵ RCC ਨੇ ਸਭਨਾਂ ਨੂੰ ਜੀ ਆਇਆਂ ਕਿਹਾ ਅਤੇ ਨਵਰੂਪ ਸਾਮਰਾ ਨੇ ਲਾਰੈਂਸ ਸਕੂਲ, ਸਨਾਵਰ ਦੇ ਸਾਬਕਾ ਵਿਦਿਆਰਥੀ ਅਤੇ ਭਾਰਤੀ ਫੌਜ ਦੇ ਰਿਟਾਇਰਡ ਕਰਨਲ ਹਰਸਿਮਰਨ ਸਿੰਘ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਫੌਜ ਵਿੱਚ ਆਪਣੇ 31 ਸਾਲਾਂ ਦੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਕਿੰਗਜ਼ ਕਾਲਜ, ਲੰਡਨ ਤੋਂ ਯੁੱਧ ਅਧਿਐਨ ਵਿੱਚ ਮਾਸਟਰਜ਼ ਡਿਗਰੀ ਹਾਸਲ ਕੀਤੀ। ਮਾਸਟਰ ਦੇ ਪ੍ਰੋਗਰਾਮ ਵਿੱਚ ਉਨ੍ਹਾਂ ਦਾ ਖੋਜ ਨਿਬੰਧ ਮਹਾਨ ਯੁੱਧ ਦੇ ਦੋ ਸਿਪਾਹੀ ਲੇਖਕਾਂ ਫਰੈਡਰਿਕ ਮੈਨਿੰਗ ਅਤੇ ਹੈਨਰੀ ਬਾਰਬੁਸੇ 'ਤੇ ਕੇਂਦਰਿਤ ਸੀ। ਡਾ. ਸਤਵਿੰਦਰ ਕੌਰ ਬੈਂਸ ਨੇ ਪੁਸਤਕ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ ਅਤੇ ਹਰਸਿਮਰਨ ਸਿੰਘ ਨੂੰ ਇਸ ਵਡੇਰੇ ਸਾਹਿਤਕ ਅਤੇ ਇਤਿਹਾਸਕ ਰਚਨਾਤਮਿਕ ਕਾਰਜ ਲਈ ਮੁਬਾਰਕਬਾਦ ਦਿੱਤੀ। ਪੁਸਤਕ ਦੇ ਪਿਛੋਕੜ ਬਾਰੇ ਦਸਦਿਆਂ ਲੇਖਕ ਹਰਸਿਮਰਨ ਸਿੰਘ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਦੇ ਜੀਵਨ ਬਾਰੇ ਲਿਖਣ ਦੀ ਉਨ੍ਹਾਂ ਦੇ ਮਨ ਵਿਚ ਪ੍ਰਬਲ ਇੱਛਾ ਸੀ; ਪਰ ਜ਼ਿੰਦਗੀ ਦੇ ਰੁਝੇਵਿਆਂ ਕਾਰਨ ਉਹ ਸਮਾਂ ਨਹੀਂ ਕੱਢ ਸਕੇ। ਬਾਬਾ ਦੀਪ ਸਿੰਘ ਦੇ 250ਵੇਂ ਸ਼ਹੀਦੀ ਪੁਰਬ ਸੰਬੰਧੀ ਸੈਮੀਨਾਰ ਮੌਕੇ ਉਨ੍ਹਾਂ ਦਾ ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਨਾਲ ਰਾਬਤਾ ਕਾਇਮ ਹੋਇਆ। ਉਹਨਾਂ ਵਿੱਚੋਂ ਇੱਕ ਪ੍ਰੋ: ਰਾਏ ਜਸਬੀਰ ਸਿੰਘ ਸਨ ਜਿਨ੍ਹਾਂ ਨੇ ਦੀਪ ਸਿੰਘ ਬਾਰੇ ਸਾਰੀਆਂ ਲਿਖਤਾਂ ਦਾ ਸੰਗ੍ਰਹਿ ਪ੍ਰਕਾਸ਼ਿਤ ਕੀਤਾ ਹੈ। ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਲੇਖਕ ਨੇ ਬਾਬਾ ਦੀਪ ਸਿੰਘ ਨਾਲ ਜੁੜੇ ਹਰ ਸਥਾਨ ‘ਤੇ ਜਾ ਕੇ, ਗੁਰਦੁਆਰਿਆਂ ਵਿਚ ਜਾ ਕੇ, ਹਰਦੁਆਰ ਦੇ ਪੰਡਤਾਂ ਕੋਲ ਜਾ ਕੇ ਵੰਸ਼ਾਵਲੀ ਰਿਕਾਰਡ ਦੀ ਘੋਖ ਕੀਤੀ, ਪ੍ਰਚੱਲਿਤ ਮੌਖਿਕ ਪਰੰਪਰਾਵਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਅਤੇ ਮੈਦਾਨੇ-ਜੰਗ ਦੇ ਅਧਿਐਨ ਦੇ ਨਾਲ-ਨਾਲ ਬਹੁਤ ਸਾਰੇ ਸਰੋਤਾਂ ਦੀ ਜਾਂਚ ਕਰਨ ਵਿੱਚ ਕਈ ਸਾਲ ਬਿਤਾਏ। ਇਸ ਤਰ੍ਹਾਂ ਇਸ ਮਹਾਨ ਰਚਨਾ ਨੂੰ ਕਲਮਬੱਧ ਕਰਨ ਲਈ ਬਹੁਤ ਲੰਮਾ ਸਮਾਂ ਲੱਗਿਆ। ਉੱਘੇ ਸਿੱਖ ਵਿਦਵਾਨ ਗਿਆਨ ਸਿੰਘ ਸੰਧੂ ਨੇ ਇਸ ਮਹਾਨ ਰਚਨਾ ਲਈ ਹਰਸਿਮਰਨ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਪੁਸਤਕ ਰਾਹੀਂ ਦੀਪ ਸਿੰਘ ਦੇ ਜੀਵਨ ਅਤੇ ਸਮਿਆਂ ਨੂੰ ਉੱਤਮ ਸੰਤ-ਸਿਪਾਹੀ, ਦਲੇਰੀ ਅਤੇ ਸੰਕਲਪ ਦੇ ਅਣ-ਅਧਿਕਾਰਤ ਸਰਪ੍ਰਸਤ-ਸੰਤ ਅਤੇ ਖਾਲਸਾ ਵਿਚਾਰਧਾਰਾ ਦੇ ਇੱਕ ਦੁਰਲੱਭ ਰੂਪ ਵਜੋਂ ਸਫਲਤਾਪੂਰਵਕ ਜੀਵਿਤ ਕੀਤਾ ਹੈ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਜੱਬਲ, ਸ਼ਾਇਰ ਮੋਹਨ ਗਿੱਲ, ਡਾ. ਗੁਰਵਿੰਦਰ ਸਿੰਘ ਧਾਲੀਵਾਲ, ਕੁਲਦੀਪ ਸਿੰਘ ਬਾਸੀ, ਹਰਪ੍ਰੀਤ ਸਿੰਘ, ਪ੍ਰਿਤਪਾਲ ਗਿੱਲ, ਹਰਦਮ ਸਿੰਘ ਮਾਨ ਅਤੇ ਹੋਰ ਕਈ ਸ਼ਖ਼ਸੀਅਤਾਂ ਹਾਜਰ ਸਨ।