ਬ੍ਰਿਟਿਸ਼ ਕੋਲੰਬੀਆ ਵਿੱਚ ਪਹਿਲੀ ਦੱਖਣੀ ਏਸ਼ੀਆਈ ਮੰਤਰੀ ਵਜੋਂ ਰਚਨਾ ਸਿੰਘ ਨੇ ਚੁੱਕੀ ਸਹੁੰ

ਬ੍ਰਿਟਿਸ਼ ਕੋਲੰਬੀਆ : ਪੰਜਾਬੀ ਭਾਈਚਾਰੇ ਦੇ ਵੱਡੀ ਗਿਣਤੀ ਵਿਚ ਲੋਕ ਕੈਨੇਡਾ ਵਿਚ ਰਹਿੰਦੇ ਹਨ। ਇਨ੍ਹਾਂ 'ਚੋਂ ਕਈ ਲੋਕ ਉਥੋਂ ਦੀ ਰਾਜਨੀਤੀ 'ਚ ਵੀ ਸਰਗਰਮ ਹਨ, ਪੰਜਾਬੀ ਮੂਲ ਦੀ ਰਚਨਾ ਸਿੰਘ ਨੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਪਹਿਲੀ ਦੱਖਣੀ ਏਸ਼ੀਆਈ ਮੰਤਰੀ ਵਜੋਂ ਸਹੁੰ ਚੁੱਕ ਕੇ ਇਤਿਹਾਸ ਰਚ ਦਿੱਤਾ ਹੈ। ਉਹ ਪੰਜਾਬ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਟ ਹਨ। ਉਨ੍ਹਾਂ ਨੂੰ ਸਿੱਖਿਆ ਅਤੇ ਬਾਲ ਭਲਾਈ ਮੰਤਰੀ ਬਣਾਇਆ ਗਿਆ ਹੈ। ਉਹ ਮੋ ਸਿਹੋਤਾ ਤੋਂ ਬਾਅਦ ਪੋਰਟਫੋਲੀਓ ਸੰਭਾਲਣ ਵਾਲੀ ਦੂਜੀ ਪੰਜਾਬਣ ਹੈ, ਪਰ ਇੰਨੇ ਮਹੱਤਵਪੂਰਨ ਅਹੁਦੇ 'ਤੇ ਨਿਯੁਕਤ ਹੋਣ ਵਾਲੀ ਪਹਿਲੀ ਦੱਖਣੀ ਏਸ਼ੀਆਈ ਮਹਿਲਾ ਹੈ। ਦੱਸ ਦੇਈਏ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਵਿਧਾਨ ਸਭਾ ਵਿਚ ਵਿਧਾਇਕਾ ਰਚਨਾ ਸਿੰਘ ਪੰਜਾਬ ਦਿਵਸ ਮੌਕੇ ਪੰਜਾਬੀ ਵਿਚ ਭਾਸ਼ਣ ਦੇਣ ਮਗਰੋਂ ਕਾਫੀ ਸੁਰਖੀਆਂ ਵਿਚ ਰਹੇ ਸਨ। ਇਸ ਮੌਕੇ ਉਹਨਾਂ ਕਿਹਾ ਸੀ ਕਿ ਅੱਜ ਪੰਜਾਬ ਦਿਵਸ ਹੈ ਅਤੇ ਪਹਿਲੀ ਨਵੰਬਰ 1966 ਨੂੰ ਪੰਜਾਬ ਸੂਬਾ ਬਣਿਆ ਸੀ। ਇਸ ਲਈ ਮੈਂ ਪੰਜਾਬੀ ਵਿਚ ਕੁਝ ਸ਼ਬਦ ਕਹਿਣਾ ਚਾਹੁੰਦੀ ਹਾਂ। ਰਚਨਾ ਸਿੰਘ ਨੇ ਕਿਹਾ, ‘ਮੈਨੂੰ ਪੰਜਾਬੀ ਹੋਣ ’ਤੇ ਮਾਣ ਹੈ ਅਤੇ ਕੈਨੇਡਾ ’ਤੇ ਵੀ ਪੂਰਾ ਮਾਣ ਹੈ, ਜਿਸ ਨੇ ਮੇਰੀ ਮਾਂ ਬੋਲੀ ਨੂੰ ਪ੍ਰਫੁੱਲਤ ਹੋਣ ਦਾ ਮੌਕਾ ਦਿੱਤਾ’। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਕੈਨੇਡਾ ਦੇ ਮੂਲ ਨਿਵਾਸੀਆਂ ਨਾਲ ਡਟ ਕੇ ਖੜ੍ਹੀ ਹੈ, ਜਿਹੜੇ ਆਪਣੀ ਮਾਤ ਭਾਸ਼ਾ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਦੇ ਇਸ ਭਾਸ਼ਣ ਦਾ ਵਿਧਾਇਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ ਸੀ। ਜਲੰਧਰ ਦੀ ਨੂੰਹ ਰਚਨਾ ਸਿੰਘ (49) ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਸੂਬੇ ਦੀ ਸਿੱਖਿਆ ਅਤੇ ਬਾਲ ਸੰਭਾਲ ਮੰਤਰੀ ਬਣਨ ਵਾਲੀ ਪਹਿਲੀ ਦੱਖਣੀ ਏਸ਼ੀਆਈ ਮਹਿਲਾ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਪਹਿਲੀ ਵਾਰ 2017 ਵਿੱਚ ਚੋਣ ਲੜੀ ਅਤੇ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਤੋਂ ਸਰੀ ਦੇ ਗ੍ਰੀਨ ਟਿੰਬਰਜ਼ ਹਲਕੇ ਤੋਂ ਬੀਸੀ ਵਿਧਾਨ ਸਭਾ ਦੀ 41ਵੀਂ ਚੋਣ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ 2020 ਵਿੱਚ ਉਹ ਦੁਬਾਰਾ ਚੁਣੇ ਗਏ। ਬ੍ਰਿਟਿਸ਼ ਕੋਲੰਬੀਆ ਵਿੱਚ ਹਾਲ ਹੀ ਵਿੱਚ ਹੋਏ ਫੇਰਬਦਲ ਵਿੱਚ ਉਨ੍ਹਾਂ ਨੂੰ ਮੰਤਰੀ ਨਿਯੁਕਤ ਕੀਤਾ ਗਿਆ ਹੈ। ਰਚਨਾ ਸਿੰਘ ਦਾ ਵਿਆਹ ਜਲੰਧਰ ਦੇ ਸਹਿਗਲ ਪਰਿਵਾਰ ਵਿੱਚ ਹੋਇਆ ਸੀ, ਜੋ ਇੱਥੇ ਪੈਟਰੋਲ ਪੰਪ ਅਤੇ ਗੈਸ ਸਟੇਸ਼ਨ ਦੇ ਮਾਲਕ ਹਨ।ਉਨ੍ਹਾਂ ਦਾ ਪਤੀ ਗੁਰਪ੍ਰੀਤ ਸਿੰਘ ਕੈਨੇਡਾ ਵਿੱਚ ਰੇਡੀਓ ਜਰਨਲਿਸਟ ਹਨ ਤੇ ਜੋੜੇ ਦੇ ਦੋ ਬੱਚੇ ਹਨ। ਰਚਨਾ ਸਿੰਘ ਦੀ ਇਸ ਪ੍ਰਾਪਤੀ 'ਤੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ ਅਤੇ ਇਸ ਬਾਰੇ ਗਲਬਾਤ ਕਰਦਿਆਂ ਉਨ੍ਹਾਂ ਦੇ ਦਿਓਰ ਗੁਰਮੀਤ ਮੌਂਟੀ ਸਹਿਗਲ ਨੇ ਦੱਸਿਆ, “ਇਹ ਉਨ੍ਹਾਂ ਲਈ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਕਿ ਰਚਨਾ ਸਿੰਘ ਨੂੰ ਉੱਥੇ ਸਿੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਆਪਣੇ ਅਹੁਦੇ ਨਾਲ ਇਨਸਾਫ਼ ਕਰਨਗੇ ਕਿਉਂਕਿ ਉਹ ਸਿੱਖਿਆ ਸ਼ਾਸਤਰੀਆਂ ਦੇ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੇ ਪਿਤਾ ਡਾ: ਰਘਬੀਰ ਸਿੰਘ ਇੱਕ ਪ੍ਰਸਿੱਧ ਪੰਜਾਬੀ ਲੇਖਕ ਹਨ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਹਨ। ਰਚਨਾ ਸਿੰਘ ਦੇ ਮਾਤਾ ਸੁਲੇਖਾ ਸਿੰਘ, ਇੱਕ ਸੇਵਾਮੁਕਤ ਪ੍ਰੋਫੈਸਰ ਹਨ ਅਤੇ ਉਨ੍ਹਾਂ ਦੀ ਭੈਣ ਸ੍ਰਿਜਨਾ ਅਮਰੀਕਾ ਵਿੱਚ ਕੈਮਿਸਟਰੀ ਦੀ ਪ੍ਰੋਫੈਸਰ ਹੈ। ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਬੁਲਾਰੇ ਸਹਿਗਲ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਵੱਡਾ ਭਰਾ, ਗੁਰਪ੍ਰੀਤ 2001 ਵਿੱਚ ਕੈਨੇਡਾ ਚਲਾ ਗਿਆ ਸੀ ਅਤੇ ਫਿਰ ਰਚਨਾ ਵੀ ਉਨ੍ਹਾਂ ਦੇ ਨਾਲ ਚਲੇ ਗਏ।  ਰਚਨਾ ਸਿੰਘ ਉਸ ਸਮੇਂ ਮੋਹਾਲੀ ਵਿੱਚ ਰੈੱਡ ਕਰਾਸ ਵਿਖੇ ਕਾਉਂਸਲਰ ਸਨ ਅਤੇ ਨਸ਼ਾਖੋਰੀ, ਸ਼ਰਾਬ ਅਤੇ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਸਲਾਹਕਾਰ ਵਜੋਂ ਕੈਨੇਡਾ ਜਾ ਕੇ ਬੀ.ਸੀ. ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ। ਉਨ੍ਹਾਂ ਨੇ 2017 ਵਿੱਚ ਆਪਣੀ ਪਹਿਲੀ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ ਫਿਰ ਉਹ 2020 ਵਿਚ ਦੁਬਾਰਾ ਜਿੱਤੇ ਅਤੇ ਹੁਣ ਮੰਤਰੀ ਬਣ ਗਏ ਹਨ। ਗੁਰਮੀਤ ਮੌਂਟੀ ਸਹਿਗਲ ਨੇ ਦੱਸਿਆ ਕਿ ਰਚਨਾ ਸਿੰਘ ਹਮੇਸ਼ਾ ਤੋਂ ਬਹੁਤ ਹੀ ਵਚਨਬੱਧ ਸ਼ਖ਼ਸੀਅਤ ਦੇ ਮਾਲਕ ਹਨ ਅਤੇ ਇਸ ਅਹੁਦੇ ਨਾਲ ਵੀ ਨਿਆਂ ਕਰਨਗੇ।  ਰਚਨਾ ਨੇ ਸੈਕਟਰ 35, ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਾਈ ਕੀਤੀ । ਨਸਲਵਾਦ ਵਿਰੋਧੀ ਮੁੱਦਿਆਂ 'ਤੇ ਕਾਫੀ ਸਰਗਰਮ ਰਹਿਣ ਵਾਲੀ ਰਚਨਾ ਸਿੰਘ ਨੇ ਟਵੀਟ ਕਰਦਿਆਂ ਲਿਖਿਆ, "ਮੈਂ ਬ੍ਰਿਟਿਸ਼ ਕੋਲੰਬੀਆ ਦੀ ਸਿੱਖਿਆ ਅਤੇ ਬਾਲ ਸੰਭਾਲ ਮੰਤਰੀ ਵਜੋਂ ਸੇਵਾ ਕਰਨ ਲਈ ਮਾਣ ਮਹਿਸੂਸ ਕਰ ਰਹੀ ਹਾਂ।''