ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਇੱਕ ਪੰਜਾਬੀ ਨੌਜਵਾਨ ਲਾਪਤਾ

ਟੋਰਾਂਟੋਂ, 06 ਮਾਰਚ (ਭੁਪਿੰਦਰ ਸਿੰਘ ਠੁੱਲੀਵਾਲ) : ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਇੱਕ ਪੰਜਾਬੀ ਨੌਜਵਾਨ ਦੀ ਲਾਪਤਾ ਹੋ ਜਾਣ ਦੀ ਖ਼ਬਰ ਹੈ। 22 ਡਵੀਜ਼ਨਲ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਪਾਰਸ਼ ਜੋਸ਼ੀ (23) ਪੜ੍ਹਾਈ ਕਰਨ ਲਈ ਕੈਨੇਡਾ ਆਇਆ ਸੀ, ਜੋ ਬਰੈਂਪਟਨ ਤੋਂ ਲਾਪਤਾ ਹੈ। ਲਾਪਤਾ ਨੌਜਵਾਨ ਪਾਰਸ਼ ਜੋਸ਼ੀ ਨੂੰ ਆਖ਼ਰੀਵਾਰ 23 ਫਰਵਰੀ ਨੂੰ ਮੇਨ ਸਟ੍ਰੀਟ ਨਾਰਥ ਐਂਡ ਵਿਲੀਅਮਜ਼ ਪਾਰਕਵੇਅ ਦੇ ਨਜ਼ਦੀਕ ਸ਼ਾਮ 4:30 ਵਜੇ ਦੇਖਿਆ ਗਿਆ ਸੀ। ਨੌਜਵਾਨ ਦਾ ਕੱਦ 5-9’’ਹੈ, ਦਾੜੀ ਅਤੇ ਮੁੱਛਾਂ ਰੱਖੀਆਂ ਹੋਈਆਂ ਹਨ, ਉਕਤ ਨੌਜਵਾਨ ਦੇ ਹਰੇ ਰੰਗ ਦੀ ਜੈਕਟ, ਨੀਲੀ ਪੈਂਟ, ਕਾਲੀ ਕਮੀਜ਼, ਕਾਲੇ ਬੂਟ ਅਤੇ ਕਾਲੇ ਦਸਤਾਨੇ ਪਾਏ ਹੋਏ ਹਨ। ਉਸ ਦੇ ਪਰਿਵਾਰ ਅਤੇ ਪੁਲਿਸ ਵਾਲਿਆਂ ਨੂੰ ਉਸ ਦੀ ਸਹੀ ਸਲਾਮਤੀ ਦੀ ਚਿੰਤਾ ਹੈ। ਜਾਂਚ ਕਰਤਾਵਾਂ ਨੇ ਕਿਹਾ ਕਿ ਉਸ ਬਾਰੇ ਅਗਰ ਕੋਈ ਜਾਣਕਾਰੀ ਦੇਣਾ ਚਾਹੁੰਦਾ ਹੈ ਤਾਂ ਇਹਨਾਂ ਨੰਬਰਾਂ 1-800-222-TIPS (8477) ਜਾਂ ਵੈਬਸਾਈਟ  peelcrimestoppers.ca ’ਤੇ ਦੇ ਸਕਦਾ ਹੈ। ਇਸ ਤੋਂ ਇਲਾਵਾ ਪੀਲ ਪੁਲਿਸ ਨਾਲ 905-453-3311 ਜਾਂ ਸੰਜੀਵ ਮਲਿਕ ਨਾਲ 647-883-4445 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।