ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ 

ਸਰੀ, 01 ਸਤੰਬਰ : ਕੈਨੇਡਾ ਤੋਂ ਇੱਕ ਹੋਰ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ । ਮ੍ਰਿਤਕ ਦੀ ਪਹਿਚਾਣ ਜਸਵਿੰਦਰ ਸਿੰਘ ਵਜੋਂ ਹੋਈ ਹੈ, ਜੋ ਪੰਜਾਬ ਦੇ ਰਾਏਕੋਟ ਦੇ ਪਿੰਡ ਸੀਲੋਆਣੀ ਦਾ ਰਹਿਣ ਵਾਲਾ ਸੀ ਤੇ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ । ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ। ਉਹ ਆਪਣੇ ਚਾਰ ਦੋਸਤਾਂ ਨਾਲ ਐਫਸਫੋਰਡ ਰਹਿੰਦਾ ਸੀ। ਕੈਨੇਡਾ ਰਹਿ ਰਹੇ ਸਾਥੀ ਨੌਜਵਾਨਾਂ ਨੇ ਪਰਿਵਾਰ ਨੂੰ ਦੱਸਿਆ ਕਿ 27 ਅਗਸਤ ਦੀ ਰਾਤ ਨੂੰ ਐਫਸਫੋਰਡ ਵਿਖੇ ਗੁਰਦੁਆਰਾ ਬੰਦਾ ਬਹਾਦਰ ਵਿਖੇ ਸੇਵਾ ਕਰਕੇ ਰਾਤ ਨੂੰ ਕਰੀਬ 10.30 ਵਜੇ ਆਪਣੇ ਰੂਮ ਵਿੱਚ ਆ ਕੇ ਸੌ ਗਿਆ ਸੀ । ਸਾਥੀ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 6 ਵਜੇ ਪਤਾ ਲੱਗਿਆ ਕਿ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ।