ਨਿਊਜੀਲੈਂਡ ਪੁਲਿਸ ਵਿੱਚ ਸ਼ਾਮਿਲ ਹੋਏ ਪੰਜਾਬੀ, ਪੰਜਾਬੀ ਭਾਈਚਾਰੇ ‘ਚ ਖੁਸ਼ੀ ਦੀ ਲਹਿਰ

ਵਲਿੰਗਟਨ, 09 ਫਰਵਰੀ : ਪੰਜਾਬੀ ਆਪਣੀ ਸਖ਼ਤ ਮਿਹਨਤ ਨਾਲ ਦੁਨੀਆਂ ਦੇ ਹਰ ਕੋਨੇ ‘ਚ ਆਪਣੀ ਸਫਲਤਾ ਦੇ ਝੰਡੇ ਗੱਡੇ ਕੇ ਪੰਜਾਬ-ਪੰਜਾਬੀਅਤ ਦਾ ਨਾਮ ਰੌਸ਼ਨ ਕਰ ਰਹੇ ਹਨ, ਇਸੇ ਲੜੀ ਤਹਿਤ ਨਿਊਜੀਲੈਂਡ ਪੁਲਿਸ ਵਿੱਚ ਸ਼ਾਮਿਲ ਹੋਏ ਹਨ, ਜਿਸ ਕਾਰਨ ਨਿਊਜੀਲੈਂਡ ‘ਚ ਵਸਦੇ ਪੰਜਾਬੀ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।  ਪਿਛਲੇ ਦਿਨੀਂ ਵਲਿੰਗਟਨ ਵਿਖੇ ਸਥਿਤ ਪੁਲਿਸ ਟ੍ਰੇਨਿੰਗ ਕਾਲਜ ਵਿਚ 362ਵਾਂ ਵਿੰਗ ਪਾਸ ਆਊਟ ਹੋਇਆ ਹੈ। ਇਸ ਵਿਚ 54 ਨਵੇਂ ਪੁਲਿਸ ਕਾਂਸਟੇਬਲ ਟ੍ਰੇਨਿੰਗ (ਗ੍ਰੈਜੂਏਸ਼ਨ) ਕਰਕੇ ਪੁਲਿਸ ਵਿਚ ਸ਼ਾਮਲ ਹੋਏ। ਇਸ ਪੂਲ ਵਿਚ ਪੰਜਾਬੀ ਮੂਲ ਦੇ ਨਵੇਂ ਪੁਲਿਸ ਅਫਸਰ ਵੀ ਸ਼ਾਮਿਲ ਹੋਏ। ਜਿਸ 'ਚ ਹਰਮਨਜੋਤ ਸਿੰਘ ਗੋਰਾਇਆ, ਜਸਕਰਨ ਸਿੰਘ ਅਤੇ ਜਸਲੀਨ ਬਲਵਿੰਦਰ ਹਨ। ਹਰਮਨਜੋਤ ਸਿੰਘ ਗੋਰਾਇਆ ਸਪੁੱਤਰ ਸ. ਸਰੂਪ ਸਿੰਘ ਗੋਰਾਇਆ ਵਿਦਿਆਰਥੀ ਵੀਜ਼ੇ ’ਤੇ ਨਿਊਜ਼ੀਲੈਂਡ ਆਇਆ ਸੀ। ਉਹਨਾਂ ਨੇ 4 ਸਾਲ ਟੌਰੰਗਾ ਸ਼ਹਿਰ ਵਿਖੇ ਸਵੈ-ਸੇਵਕ ਵਜੋਂ ਕਮਿਊਨਿਟੀ ਪੈਟਰੋਲ (ਕ੍ਰਾਈਮ ਵਾਚ) ਨਾਲ ਸਰਵਿਸ ਕੀਤੀ। ਹਰਮਨਜੋਤ ਪਿੰਡ ਨਬੀਪੁਰ ਜ਼ਿਲ੍ਹਾ ਗੁਰਦਾਸਪੁਰ ਦਾ ਜੰਮਪਲ ਹੈ। ਉਸ ਦੀ ਡਿਊਟੀ ਮੈਨੁਕਾਓ ਕਾਊਂਟੀਜ਼ ਵਿਚ ਲੱਗੀ ਹੈ। ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਹਰਮਨਜੋਤ ਨੇ ਕਿਹਾ ਕਿ ਆਪਣੇ ਸੁਪਨੇ ਪੂਰੇ ਕਰਨ ਲਈ ਕਦੇ ਵੀ ਹੌਸਲਾ ਨਾ ਛੱਡੋ। 23 ਸਾਲਾ ਪੰਜਾਬੀ ਮੂਲ ਦੀ ਜਸਲੀਨ ਬਲਵਿੰਦਰ ਇਕ ਬਾਕਸਰ ਹੈ ਅਤੇ ਉਹ ਇਟਲੀ ਦੀ ਜੰਮਪਲ ਹੈ। 2010 ਵਿਚ ਉਹ ਆਪਣੇ ਮਾਤਾ ਪਿਤਾ ਸ. ਬਲਵਿੰਦਰ ਸਿੰਘ- ਪਰਮਜੀਤ ਕੌਰ ਅਤੇ ਵੱਡੀ ਭੈਣ ਹਰਲੀਨ ਨਾਲ ਟੀਪੁੱਕੀ ਨਿਊਜ਼ੀਲੈਂਡ ਆ ਗਈ। ਉਹਨਾਂ ਦਾ ਪਿਛੋਕੜ ਪਿੰਡ ਬੱਲਾਂ (ਜਲੰਧਰ) ਨਾਲ ਸਬੰਧਤ ਹੈ। ਉਹਨਾਂ ਦੀ ਡਿਊਟੀ ਟੌਰੰਗਾ ਪੁਲਿਸ ਸਟੇਸ਼ਨ ਵਿਖੇ ਲੱਗੇਗੀ। ਇਸ ਦੌਰਾਨ ਇਕ ਹੋਰ ਪੰਜਾਬੀ ਨੌਜਵਾਨ ਜਸਕਰਨ ਸਿੰਘ ਵੀ ਨਿਊਜ਼ੀਲੈਂਡ ਪੁਲਿਸ ਵਿਚ ਭਰਤੀ ਹੋਇਆ ਹੈ ਪਰ ਉਸ ਨਾਲ ਸੰਪਰਕ ਨਹੀਂ ਹੋ ਸਕਿਆ।