ਸਿਆਟਲ ‘ਚ ਇੱਕ ਸੜਕ ਹਾਦਸੇ ‘ਚ ਪੰਜਾਬੀ ਜੋੜੇ ਦੀ ਮੌਤ

ਸਿਆਟਲ, 02 ਮਈ : ਅਮਰੀਕਾ ਦੇ ਸਿਆਟਲ ‘ਚ ਇੱਕ ਸੜਕ ਹਾਦਸੇ ‘ਚ ਪੰਜਾਬੀ ਪਤੀ ਪਤਨੀ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪਰਮਿੰਦਰ ਸਿੰਘ ਬਾਜਵਾ (36) ਤੇ ਹਰਪ੍ਰੀਤ ਕੌਰ ਬਾਜਵਾ (37) ਆਪਣੇ ਬੱਚਿਆਂ ਨੂੰ ਸਕੂਲ ਛੱਡਣ ਤੋਂ ਬਾਅਦ ਨੇੜੇ ਹੀ ਕ੍ਰਿਸਟ ਮਾਊਂਟੈਨ ਇਲਾਕੇ ਵਿੱਚ ਘੁੰਮਣ ਚਲੇ ਗਏ, ਜਾਣ ਸਮੇਂ ਆਪਣੇ ਨਜ਼ਦੀਕੀਆਂ ਨੂੰ ਕਹਿ ਗਏ ਸਨ ਕਿ ਉਹ ਜਲਦੀ ਵਾਪਸ ਆ ਜਾਣਗੇ ਅਗਰ ਸਮਾਂ ਲੱਗਿਆ ਤਾਂ ਤੁਸੀਂ ਬੱਚਿਆਂ ਨੂੰ ਸਕੂਲ ਤੋਂ ਲੈ ਆਉਣਾ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਹਾਈਵੇਅ 410 ਤੇ ਇਨਮਕਲਾ ਸਿਟੀ ਨੇੜੇ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫਤਾਰ ਬੇਕਾਬੂ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰੀ ਦਿੱਤੀ, ਜਿਸ ਕਾਰਨ ਪਰਮਿੰਦਰ ਸਿੰਘ ਬਾਜਵਾ ਤੇ ਹਰਪ੍ਰੀਤ ਕੌਰ ਬਾਜਵਾ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਕਿ ਦੂਸਰੀ ਗੱਡੀ ਦਾ ਚਾਲਕ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਇਹ ਹਾਦਸਾ ਤਕਰੀਬਨ 2:30 ਦੇ ਕਰੀਬ ਹੋਇਆ ਹੈ। ਇਸ ਦੁੱਖਦਾਈ ਖਬਰ ਕਾਰਨ ਸਿਆਟਲ ਦੇ ਪਿਆਲਪ ਸਿਟੀ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਆਪਣੇ ਪਿੱਛੇ 8 ਸਾਲ, 6 ਸਾਲ ਦੇ ਬੱਚਿਆਂ ਸਮੇਤ ਆਪਣੇ ਮਾਤਾ ਪਿਤਾ ਨੁੰ ਛੱਡ ਗਏ ਹਨ। ਪਤਾ ਲੱਗਾ ਹੈ ਕਿ ਮ੍ਰਿਤਕ ਪੰਜਾਬ ਦੇ ਜਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਸਬੰਧਿਤ ਸਨ।