ਅਮਰੀਕਾ ਦੇ ਟੈਕਸਾਸ ਵਿੱਚ ਆਇਆ ਸ਼ਕਤੀਸ਼ਾਲੀ ਤੂਫ਼ਾਨ, ਕਈ ਘਰਾਂ ਨੂੰ ਨੁਕਸਾਨ ਪਹੁੰਚਿਆ, ਇਕ ਮੌਤ 

ਟੈਕਸਾਸ, 14 ਮਈ : ਅਮਰੀਕਾ ਦੇ ਟੈਕਸਾਸ ਸੂਬੇ ਦੇ ਨੇੜੇ ਇਕ ਸ਼ਕਤੀਸ਼ਾਲੀ ਤੂਫ਼ਾਨ ਆਇਆ, ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਤੂਫਾਨ ਕੈਮਰੂਨ ਕਾਉਂਟੀ 'ਚ ਆਇਆ। ਕਾਉਂਟੀ ਦੇ ਐਮਰਜੈਂਸੀ ਪ੍ਰਬੰਧਨ ਕੋਆਰਡੀਨੇਟਰ ਟੌਮ ਹੁਸਨ ਨੇ ਕਿਹਾ, ਘੱਟੋ-ਘੱਟ 10 ਹੋਰ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ। ਕਈ ਨਿਵਾਸੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਕੈਮਰੂਨ ਕਾਉਂਟੀ ਦੇ ਜੱਜ ਐਡੀ ਟ੍ਰੇਵਿਨੋ ਜੂਨੀਅਰ ਨੇ ਵੀ ਖੇਤਰ ਵਿਚ ਰਾਤ ਦਾ ਕਰਫਿਊ ਲਗਾ ਦਿਤਾ ਹੈ। ਇਸ ਦੇ ਤਹਿਤ ਜੋ ਲੋਕ ਉੱਥੇ ਨਹੀਂ ਰਹਿੰਦੇ ਹਨ, ਉਨ੍ਹਾਂ ਦੇ ਲਾਗੁਨਾ ਹਾਈਟਸ 'ਤੇ ਜਾਣ 'ਤੇ ਪਾਬੰਦੀ ਹੈ। ਸਵੇਰੇ ਚਾਰ ਵਜੇ ਤੂਫਾਨ ਆਇਆ। ਉਸ ਸਮੇਂ ਲੋਕ ਆਪਣੇ ਘਰਾਂ ਵਿਚ ਸੌਂ ਰਹੇ ਸਨ। ਟੈਕਸਾਸ ਵਿਚ ਕੈਮਰੂਨ ਕਾਉਂਟੀ ਵਿਚ ਸਭ ਤੋਂ ਵੱਧ ਗਰੀਬੀ ਦਰ ਹੈ ਅਤੇ ਉੱਥੇ ਘਰਾਂ ਦੀ ਹਾਲਤ ਵੀ ਮਾੜੀ ਹੈ। ਟ੍ਰੇਵਿਨੋ ਨੇ ਕਿਹਾ ਕਿ 42 ਸਾਲਾ ਰੌਬਰਟੋ ਫਲੋਰਸ ਦੀ ਮੌਤ ਆਪਣੇ ਘਰ ਦੇ ਮਲਬੇ ਹੇਠ ਦੱਬਣ ਕਾਰਨ ਹੋਈ। ਮੌਸਮ ਸੇਵਾ ਦੇ ਅਨੁਸਾਰ, ਤੂਫਾਨ ਦੀ ਹਵਾ ਦੀ ਰਫ਼ਤਾਰ 138-177 ਕਿਲੋਮੀਟਰ ਪ੍ਰਤੀ ਘੰਟਾ ਸੀ ਅਤੇ ਇਸਨੂੰ EF1 ਤੂਫਾਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਤੂਫਾਨ ਕਰੀਬ ਦੋ ਤੋਂ ਚਾਰ ਮਿੰਟ ਤੱਕ ਆਇਆ ਪਰ ਇਸ ਨੇ ਪੂਰੇ ਇਲਾਕੇ ਨੂੰ ਤਬਾਹ ਕਰ ਦਿੱਤਾ।