ਉਂਟਾਰੀਓ 'ਚ ਪੰਜਾਬ ਮੂਲ ਦੇ ਤਿੰਨ ਆਗੂ ਪਰਮ ਗਿੱਲ, ਭਮੀਤ ਸਰਕਾਰੀਆ ਅਤੇ ਨੀਨਾ ਤਾਂਗੜੀ ਬਣੇ ਮੰਤਰੀ

ਉਂਟਾਰੀਓ, 07 ਸਤੰਬਰ : ਕੈਨੇਡਾ ਦੇ ਉਂਟਾਰੀਓ ਸੂਬੇ ਵਿਚ ਪੰਜਾਬ ਮੂਲ ਦੇ ਤਿੰਨ ਆਗੂ ਮੰਤਰੀ ਬਣ ਗਏ ਹਨ। ਮੰਤਰੀ ਮੰਡਲ 'ਚ ਇਹ ਫੇਰਬਦਲ ਗ੍ਰੀਨ ਬੈਲਟ ਘੁਟਾਲੇ 'ਚ ਸ਼ਾਮਲ ਹੋਣ ਦੇ ਦੋਸ਼ 'ਚ ਇਕ ਮੰਤਰੀ ਦੇ ਅਸਤੀਫ਼ੇ ਮਗਰੋਂ ਕੀਤਾ ਗਿਆ ਹੈ। ਮੰਤਰੀ ਬਣਨ ਵਾਲਿਆਂ ਵਿਚ ਮੋਗਾ ਵਿਚ ਪੈਦਾ ਹੋਏ ਪਰਮ ਗਿੱਲ (47), ਪ੍ਰਭਮੀਤ ਸਰਕਾਰੀਆ (30) ਅਤੇ ਜਲੰਧਰ ਦੇ ਬਿਲਗਾ ਦੀ ਰਹਿਣ ਵਾਲੀ ਨੀਨਾ ਤਾਂਗੜੀ ਸ਼ਾਮਲ ਹਨ। ਪ੍ਰਭਮੀਤ ਸਰਕਾਰੀਆ ਨੂੰ ਤਰੱਕੀ ਦੇ ਕੇ ਖਜ਼ਾਨਾ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਸੀ। ਹੁਣ ਉਹ ਉਂਟਾਰੀਓ ਸੂਬੇ ਦੇ ਟਰਾਂਸਪੋਰਟ ਮੰਤਰੀ ਹੋਣਗੇ। ਉਹ ਉਂਟਾਰੀਓ ਵਿਚ ਪਹਿਲੇ ਦਸਤਾਰਧਾਰੀ ਸਿੱਖ ਕੈਬਨਿਟ ਮੰਤਰੀ ਹਨ। ਸਰਕਾਰੀਆ ਦੇ ਮਾਤਾ-ਪਿਤਾ 1980 ਦੇ ਦਹਾਕੇ ਵਿਚ ਕੈਨੇਡਾ ਆ ਕੇ ਵੱਸ ਗਏ ਸਨ। ਮੋਗਾ ਦੇ ਰਹਿਣ ਵਾਲੇ ਪਰਮ ਗਿੱਲ ਨੂੰ ਨਾਗਰਿਕਤਾ ਅਤੇ ਸੱਭਿਆਚਾਰਕ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਹੈ। ਉਹ ਛੋਟੀ ਉਮਰ ਵਿਚ ਕੈਨੇਡਾ ਚਲੇ ਗਏ ਸਨ। ਦੂਜੇ ਪਾਸੇ ਜਲੰਧਰ ਦੇ ਬਿਲਗਾ ਨਾਲ ਸਬੰਧਤ ਨੀਨਾ ਤਾਂਗੜੀ ਨੂੰ ਸਮਾਲ ਸਕੇਲ ਬਿਜ਼ਨਸ, ਰੁਜ਼ਗਾਰ ਸਿਰਜਣਾ ਲਈ ਸਹਾਇਕ ਮੰਤਰੀ ਬਣਾਇਆ ਗਿਆ ਹੈ। ਮੂਲ ਰੂਪ ਵਿਚ ਅੰਮ੍ਰਿਤਸਰ ਦੀ ਰਹਿਣ ਵਾਲੀ ਨੀਨਾ ਤਾਂਗੜੀ ਦਾ ਵਿਆਹ ਜਲੰਧਰ ਦੇ ਪਿੰਡ ਬਿਲਗਾ ਦੇ ਅਸ਼ਵਨੀ ਤਾਂਗੜੀ ਨਾਲ ਇੰਗਲੈਂਡ ਵਿਚ ਹੋਇਆ ਸੀ। ਇਸ ਤੋਂ ਬਾਅਦ ਉਸ ਦਾ ਪ੍ਰਵਾਰ ਕੈਨੇਡਾ ਸ਼ਿਫਟ ਹੋ ਗਿਆ ਸੀ। ਨੀਨਾ ਤਾਂਗੜੀ ਨੇ ਇਥੋਂ ਤਿੰਨ ਵਾਰ ਚੋਣ ਲੜੀ, ਪਰ ਹਾਰ ਗਏ। ਚੌਥੀ ਵਾਰ ਲੜੀ ਚੋਣ ਵਿਚ ਜਿੱਤਣ ਮਗਰੋਂ ਉਨ੍ਹਾਂ ਨੂੰ ਉਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਦੀ ਕੈਬਨਿਟ ਵਿਚ ਥਾਂ ਮਿਲੀ।