ਨਵੰਬਰ 1984 ਹਿੰਸਾ ਨੂੰ ਕੈਲੀਫੋਰਨੀਆ ਵਿਧਾਨ ਸਭਾ ਵੱਲੋਂ ਸਿੱਖ ਨਸਲਕੁਸ਼ੀ ਵਜੋਂ ਮਿਲੀ ਮਾਨਤਾ

  • ਅਸੈਂਬਲੀ ਵਿਚ ਸਿੱਖ ਮੈਂਬਰ ਜਸਮੀਤ ਕੌਰ ਬੈਂਸ ਨੇ ਪੇਸ਼ ਕੀਤਾ ਮਤਾ 

ਕੈਲੀਫੋਰਨੀਆ, 12 ਅਪ੍ਰੈਲ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੀ ਅਸੈਂਬਲੀ ਨੇ ਇੱਕ ਮਤਾ ਪਾਸ ਕਰਕੇ ਯੂਨਾਈਟਿਡ ਸਟੇਟਸ ਕਾਂਗਰਸ (ਅਮਰੀਕੀ) ਨੂੰ ਭਾਰਤ ਵਿੱਚ 1984 ਦੀ ਸਿੱਖ ਵਿਰੋਧੀ ਹਿੰਸਾ ਨੂੰ ਸਿੱਖ ਨਸਲਕੁਸ਼ੀ ਵਜੋਂ ਰਸਮੀ ਤੌਰ 'ਤੇ ਮਾਨਤਾ ਦੇਣ ਅਤੇ ਨਿੰਦਾ ਕਰਨ ਦੀ ਅਪੀਲ ਕੀਤੀ ਹੈ। ਇਹ ਮਤਾ ਵਿਧਾਨ ਸਭਾ ਮੈਂਬਰ ਜਸਮੀਤ ਕੌਰ ਬੈਂਸ ਦੁਆਰਾ ਪੇਸ਼ ਕੀਤਾ ਗਿਆ ਸੀ, ਜੋ ਕਿ ਰਾਜ ਵਿਧਾਨ ਸਭਾ ਦੀ ਪਹਿਲੀ ਵਾਰ ਚੁਣੀ ਗਈ ਸਿੱਖ ਮੈਂਬਰ ਸੀ, ਅਤੇ ਸੋਮਵਾਰ ਨੂੰ ਰਾਜ ਵਿਧਾਨ ਸਭਾ ਦੁਆਰਾ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਸੀ। ਇਸ ਨੂੰ ਸਿੱਖ ਹਿਤੈਸ਼ੀ ਅਸੈਂਬਲੀ ਮੈਂਬਰ ਕਾਰਲੋਸ ਵਿਲਾਪੁਡੁਆ ਵੱਲੋਂ ਵੀ ਸਮਰਥਨ ਦਿੱਤਾ ਗਿਆ। ਸਿਰਫ਼ ਇੱਕ ਹੋਰ ਹਿੰਦੂ ਮੈਂਬਰ ਐਸ਼ ਕਾਲੜਾ ਨੇ ਵੀ ਮਤੇ ਦੇ ਹੱਕ ਵਿੱਚ ਵੋਟ ਪਾਈ। ਇਹ ਨੋਟ ਕਰਦੇ ਹੋਏ ਕਿ ਅਮਰੀਕਾ ਵਿਚ ਸਿੱਖ ਭਾਈਚਾਰਾ ਦੰਗਿਆਂ ਦੇ ਸਰੀਰਕ ਅਤੇ ਮਨੋਵਿਗਿਆਨਕ ਸਦਮੇ ਤੋਂ ਉੱਭਰ ਨਹੀਂ ਸਕਿਆ ਹੈ, ਮਤੇ ਵਿਚ ਅਮਰੀਕੀ ਕਾਂਗਰਸ ਨੂੰ ਨਵੰਬਰ 1984 ਦੀ ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਵਜੋਂ ਰਸਮੀ ਤੌਰ 'ਤੇ ਮਾਨਤਾ ਦੇਣ ਅਤੇ ਨਿੰਦਾ ਕਰਨ ਦੀ ਅਪੀਲ ਕੀਤੀ ਗਈ ਹੈ। ਮਤੇ ਵਿਚ ਕਿਹਾ ਗਿਆ ਹੈ ਕਿ ਨਵੀਂ ਦਿੱਲੀ ਦੀ 'ਵਿਧਵਾ ਕਾਲੋਨੀ' ਵਿਚ ਅਜੇ ਵੀ ਸਿੱਖ ਔਰਤਾਂ ਰਹਿੰਦੀਆਂ ਹਨ ਜਿਨ੍ਹਾਂ 'ਤੇ ਹਮਲਾ ਕੀਤਾ ਗਿਆ, ਬਲਾਤਕਾਰ ਕੀਤਾ ਗਿਆ, ਤਸੀਹੇ ਦਿੱਤੇ ਗਏ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਾਰਨ, ਸਾੜਨ ਅਤੇ ਕਤਲ ਕਰਨ ਲਈ ਮਜ਼ਬੂਰ ਕੀਤਾ ਗਿਆ ਅਤੇ ਜੋ ਅਜੇ ਵੀ ਦੋਸ਼ੀਆਂ ਵਿਰੁੱਧ ਇਨਸਾਫ਼ ਦੀ ਮੰਗ ਕਰ ਰਹੀਆਂ ਹਨ। ਇੱਕ ਬਿਆਨ ਵਿੱਚ, ਅਮਰੀਕਨ ਸਿੱਖ ਕਾਕਸ ਕਮੇਟੀ ਅਤੇ ਹੋਰ ਅਮਰੀਕੀ ਸਿੱਖ ਸੰਸਥਾਵਾਂ ਦੇ ਕੋਆਰਡੀਨੇਟਰ ਪ੍ਰਿਤਪਾਲ ਸਿੰਘ ਨੇ ਮਤਾ ਪੇਸ਼ ਕਰਨ ਅਤੇ ਪਾਸ ਕਰਨ ਲਈ ਕੈਲੀਫੋਰਨੀਆ ਸਟੇਟ ਅਸੈਂਬਲੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ। 2015 ਵਿੱਚ ਕੈਲੀਫੋਰਨੀਆ ਦੀ ਅਸੈਂਬਲੀ ਨੇ ਵੀ ਸਿੱਖ ਵਿਰੋਧੀ ਹਿੰਸਾ ਨੂੰ ਪੋਗਰਾਮ ਕਰਾਰ ਦਿੰਦਿਆਂ ਇੱਕ ਮਤਾ ਪਾਸ ਕੀਤਾ ਸੀ। 31 ਅਕਤੂਬਰ, 1984 ਨੂੰ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਹਿੰਸਾ ਭੜਕ ਗਈ। ਇਸ ਤੋਂ ਬਾਅਦ ਹੋਈ ਹਿੰਸਾ ਵਿੱਚ ਪੂਰੇ ਭਾਰਤ ਵਿੱਚ 3,000 ਤੋਂ ਵੱਧ ਸਿੱਖ ਮਾਰੇ ਗਏ ਸਨ, ਇਹ ਜ਼ਿਆਦਾਤਰ ਰਾਸ਼ਟਰੀ ਰਾਜਧਾਨੀ ਵਿੱਚ ਸਨ। ਜ਼ਿਕਰਯੋਗ ਹੈ ਨਿਊ ਜਰਸੀ ਵਿਧਾਨ ਸਭਾ ਇਸ ਸਬੰਧੀ ਪਹਿਲਾਂ ਹੀ ਮਤਾ ਪਾਸ ਕਰ ਚੁੱਕੀ ਹੈ। ਅਮਰੀਕੀ ਸਿੱਖ ਆਗੂ ਨੇ ਦੱਸਿਆ ਕਿ ਕੈਲੀਫੋਰਨੀਆ ਵਿਧਾਨ ਸਭਾ ਵਿੱਚ ਮਤਾ ਪੇਸ਼ ਕਰਨ ਵਾਲੀ ਵਿਧਾਇਕਾ ਜਸਮੀਤ ਕੌਰ ਬੈਂਸ ਅਤੇ ਮਤੇ ਦਾ ਸਮਰਥਨ ਕਰਨ ਵਾਲੇ ਵਿਧਾਇਕ ਕਾਰਲੋਸ ਦਾ ਬਾਅਦ ਵਿਚ ਸਟਾਕਟਨ ਦੇ ਗੁਰਦੁਆਰੇ ਵਿਖੇ ਸਨਮਾਨ ਕੀਤਾ ਗਿਆ। 

2nd photo
  • ਸਿੱਖ ਮੈਂਬਰ ਜਸਮੀਤ ਕੌਰ ਬੈਂਸ