ਰੰਜਿਸ਼ ਦੇ ਚਲਦਿਆਂ ਕੀਤਾ ਕਤਲ, ਕਥਿਤ ਦੋਸ਼ੀ ਗ੍ਰਿਫਤਾਰ


ਕੈਲੀਫੋਰਨੀਆ, ਏਜੰਸੀਆਂ :  ਕੈਲੀਫੋਰਨੀਆ ਵਿੱਚ ਪੰਜਾਬੀ ਪਰਿਵਾਰ  ਦੇ ਕਤਲ ਦੇ ਕਥਿਤ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਗਵਾ ਤੋਂ ਬਾਅਦ ਕਤਲ ਦੇ ਸ਼ੱਕੀ ਦਾ ਪਰਿਵਾਰ ਨਾਲ ਪੁਰਾਣਾ ਝਗੜਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਸ਼ਰੇਆਮ ਅਪਰਾਧੀ ਹੈ, ਉਹ 17 ਸਾਲ ਪਹਿਲਾਂ ਵੀ ਅਜਿਹੀ ਹੀ ਵਾਰਦਾਤ ਨੂੰ ਅੰਜਾਮ ਦੇ ਚੁੱਕਾ ਹੈ। ਸ਼ੱਕੀ ਵਿਅਕਤੀ 48 ਸਾਲਾ ਜੀਸਸ ਸਾਲਗਾਡੋ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਕਰੀਬ ਇਕ ਸਾਲ ਪਹਿਲਾਂ ਪਰਿਵਾਰ ਨਾਲ ਟਰੱਕ ਚਲਾਉਣ ਦਾ ਕੰਮ ਕਰਦਾ ਸੀ। ਇਸ ਦੌਰਾਨ ਉਨ੍ਹਾਂ ਦਾ ਸਾਲਗਾਡੋ ਨਾਲ ਕੁਝ ਝਗੜਾ ਹੋ ਗਿਆ। ਉਦੋਂ ਤੋਂ ਉਹ ਪਰਿਵਾਰ ਨੂੰ ਧਮਕੀ ਭਰੇ ਸੰਦੇਸ਼ ਅਤੇ ਈ-ਮੇਲ ਭੇਜ ਰਿਹਾ ਸੀ। ਦੋਸ਼ੀਆਂ ਨੇ ਸੋਮਵਾਰ ਨੂੰ ਬੰਦੂਕ ਦੀ ਨੋਕ 'ਤੇ ਪੂਰੇ ਪਰਿਵਾਰ ਨੂੰ ਅਗਵਾ ਕਰ ਲਿਆ ਸੀ। ਉਸ ਨੇ ਕਥਿਤ ਤੌਰ 'ਤੇ 8 ਮਹੀਨੇ ਦੇ ਬੱਚੇ, ਉਸ ਦੇ ਮਾਤਾ-ਪਿਤਾ ਅਤੇ ਤਾਏ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਸੀ। ਸਮੂਹਿਕ ਕਤਲ ਕਰਨ ਤੋਂ ਬਾਅਦ ਦੋਸ਼ੀ ਨੇ ਸਾਰੀਆਂ ਲਾਸ਼ਾਂ ਨੂੰ ਇੱਕ ਬਾਗ ਵਿੱਚ ਲਾਵਾਰਸ ਛੱਡ ਦਿੱਤਾ ਸੀ। ਜਿਸ ਤੋਂ ਬਾਅਦ ਇਲਾਕੇ 'ਚ ਕੰਮ ਕਰਦੇ ਮਜ਼ਦੂਰਾਂ ਨੇ ਬੁੱਧਵਾਰ ਨੂੰ ਸਾਰੀਆਂ ਲਾਸ਼ਾਂ ਉਥੇ ਪਈਆਂ ਦੇਖੀਆਂ। ਦੋਸ਼ੀ ਨੇ ਲਾਸ਼ਾਂ ਨੂੰ ਡੋਸ ਪਾਲੋਸ ਸ਼ਹਿਰ ਦੇ ਨੇੜੇ ਦੂਰ-ਦੁਰਾਡੇ ਦੇ ਇਲਾਕੇ ਮੇਰਡੋ ਤੋਂ ਕਰੀਬ 50 ਕਿਲੋਮੀਟਰ ਦੂਰ ਬਾਗ 'ਚ ਛੱਡ ਦਿੱਤਾ। ਪੁਲਿਸ ਉਨ੍ਹਾਂ ਮੁਲਜ਼ਮਾਂ ਦੀ ਵੀ ਭਾਲ ਕਰ ਰਹੀ ਹੈ ਜਿਸ ਨੇ ਕਤਲ ਵਿੱਚ ਦੋਸ਼ੀ ਦਾ ਸਾਥ ਦਿੱਤਾ ਸੀ।