ਸਭ ਤੋਂ ਵੱਧ ਭਾਰਤੀ ਰਹਿੰਦੇ ਨੇ ਕੈਨੇਡਾ ’ਚ, 4.31 ਲੱਖ ਪ੍ਰਵਾਸੀ ਸਥਾਈ ਨਿਵਾਸੀ ਘੋਸ਼ਿਤ

ਓਨਟਾਰੀਓ, : ਕੈਨੇਡਾ 'ਚ ਸੈਟਲ ਹੋਣ ਦਾ ਸੁਪਨਾ ਦੇਖਣ ਵਾਲਿਆਂ ਲਈ ਖੁਸ਼ਖਬਰੀ ਹੈ। ਕੈਨੇਡਾ ਨੇ ਪ੍ਰਵਾਸੀਆਂ ਦੀ ਸਥਾਈ ਨਿਵਾਸ ਯੋਜਨਾ ਦੇ ਪੱਧਰ ਵਿੱਚ ਵਾਧਾ ਕੀਤਾ ਹੈ ਅਤੇ ਇਹ ਟੀਚਾ 2022 ਵਿੱਚ ਪੂਰਾ ਕੀਤਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਦੇਸ਼ ਵਿੱਚ ਹੁਨਰਮੰਦ ਕਾਮਿਆਂ ਦੀ ਗਿਣਤੀ ਵਧਾਉਣ ਦੀ ਯੋਜਨਾ ਦੇ ਹਿੱਸੇ ਵਜੋਂ 2022 ਵਿੱਚ 431,000 ਤੋਂ ਵੱਧ ਪ੍ਰਵਾਸੀਆਂ ਨੂੰ ਸਥਾਈ ਨਿਵਾਸੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਸੀ। ਇਹ ਕੈਨੇਡੀਅਨ ਇਤਿਹਾਸ ਵਿੱਚ ਸਭ ਤੋਂ ਵੱਡਾ ਸਾਲਾਨਾ ਵਾਧਾ ਹੈ। ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਮੁਤਾਬਕ ਟਰੂਡੋ ਸਰਕਾਰ ਵੱਲੋਂ ਪ੍ਰਵਾਸੀਆਂ ਨੂੰ ਸਥਾਈ ਨਿਵਾਸੀ ਬਣਾਉਣ ਦਾ 2022 ਦਾ ਟੀਚਾ ਪੂਰਾ ਕਰ ਲਿਆ ਗਿਆ ਹੈ। ਇਹ 2021 ਦੇ 4 ਲੱਖ ਤੋਂ ਕਿਤੇ ਜ਼ਿਆਦਾ ਹੈ। 2016 ਦੀ ਰਿਪੋਰਟ ਅਨੁਸਾਰ ਕੈਨੇਡਾ ਵਿੱਚ ਲਗਭਗ 1.4 ਮਿਲੀਅਨ ਭਾਰਤੀ ਮੂਲ ਦੇ ਲੋਕ ਹਨ। 2021 ਵਿੱਚ, 1 ਲੱਖ ਭਾਰਤੀ ਅਸਥਾਈ ਵਿਦੇਸ਼ੀ ਕਾਮਿਆਂ ਵਜੋਂ ਸੈਟਲ ਹੋਏ। ਓਨਟਾਰੀਓ ਵਿੱਚ ਸਭ ਤੋਂ ਵੱਧ ਭਾਰਤੀ ਹਨ। 2016 ਤੋਂ 2021 ਤੱਕ ਕੈਨੇਡਾ ਆਏ ਪ੍ਰਵਾਸੀਆਂ ਵਿੱਚੋਂ 18.65% ਭਾਰਤੀ ਸਨ। ਅੰਕੜਿਆਂ ਦੀ ਰਿਪੋਰਟ ਮੁਤਾਬਕ ਓਨਟਾਰੀਓ ਭਾਰਤੀਆਂ ਦੀ ਪਸੰਦੀਦਾ ਥਾਂ ਹੈ।