‘ਟਾਵਰ ਆਫ਼ ਲੰਡਨ' ਵਿਖੇ ਪ੍ਰਦਰਸ਼ਨੀ ਵਿਚ ਕੋਹਿਨੂਰ ਹੀਰੇ ਨੂੰ ਕੀਤਾ ਜਾਵੇਗਾ ਪ੍ਰਦਰਸ਼ਿਤ

ਲੰਡਨ, 26 ਮਈ : ਕੋਹਿਨੂਰ ਹੀਰੇ ਨੂੰ ਇਸ ਦੇ ਅਸ਼ਾਂਤ ਬਸਤੀਵਾਦੀ ਇਤਿਹਾਸ ਨੂੰ ‘ਪਾਰਦਰਸ਼ੀ, ਸੰਤੁਲਤ ਅਤੇ ਸੰਮਲਤ' ਤਰੀਕੇ ਨਾਲ ਪ੍ਰਦਰਸ਼ਿਤ ਕਰਨ ਲਈ ਜਿੱਤ ਦੇ ਪ੍ਰਤੀਕ ਵਜੋਂ ਅੱਜ ਤੋਂ ‘ਟਾਵਰ ਆਫ਼ ਲੰਡਨ' ਵਿਖੇ ਇਕ ਨਵੀਂ ਪ੍ਰਦਰਸ਼ਨੀ ਵਿਚ ਪ੍ਰਦਰਸ਼ਿਤ ਕੀਤਾ ਜਾਵੇਗਾ। ਕੋਹਿਨੂਰ ਨੂੰ ‘ਕੋਹ-ਏ-ਨੂਰ’ ਵੀ ਕਿਹਾ ਜਾਂਦਾ ਹੈ। ਇਹ ਨਵੀਂ ਜਵੈੱਲ ਹਾਊਸ ਪ੍ਰਦਰਸ਼ਨੀ ਦਾ ਹਿੱਸਾ ਹੈ ਅਤੇ ਇਸ ਦੇ ਨਾਲ ਇਕ ਵੀਡੀਉ ਵੀ ਹੈ, ਜੋ ਦੁਨੀਆਂ ਭਰ ਵਿਚ ਹੀਰੇ ਦੀ ਯਾਤਰਾ ਨੂੰ ਦਰਸਾਉਂਦਾ ਹੈ। ਪ੍ਰਦਰਸ਼ਨੀ ਵਿਚ ਕੋਹਿਨੂਰ ਦੀ ਪੂਰੀ ਯਾਤਰਾ ਨੂੰ ਦਿਖਾਇਆ ਜਾਵੇਗਾ ਅਤੇ ਇਹ ਵੀ ਦਸਿਆ ਜਾਵੇਗਾ ਕਿ ਕਿਸ ਤਰ੍ਹਾਂ ਇਹ ਅਪਣੇ ਪਿਛਲੇ ਸਾਰੇ ਮਾਲਕਾਂ- ਜਿਵੇਂ ਮੁਗਲ ਸਮਰਾਟਾਂ, ਈਰਾਨ ਦੇ ਸ਼ਾਹਾਂ, ਅਫ਼ਗਾਨਿਸਤਾਨ ਦੇ ਸ਼ਾਸਕਾਂ ਅਤੇ ਸਿੱਖ ਮਹਾਰਾਜਾਵਾਂ ਲਈ ਜਿੱਤ ਪ੍ਰਤੀਕ ਰਿਹਾ ਹੈ। ਬ੍ਰਿਟੇਨ ਵਿਚ ਮਹਿਲ ਪ੍ਰਬੰਧਨ ਦਾ ਕੰਮ ਦੇਖਣ ਵਾਲੀ ਸੰਸਥਾ ਹਿਸਟੋਰਿਕ ਰਾਇਲ ਪੈਲੇਸ (ਐਚ. ਆਰ. ਪੀ.) ਦੇ ਇਕ ਬੁਲਾਰੇ ਨੇ ਕਿਹਾ ਕਿ ਨਵੀਂ ਪ੍ਰਦਰਸ਼ਨੀ ਕੋਹ-ਏ-ਨੂਰ ਸਮੇਤ ਸੰਗ੍ਰਹਿ ਵਿਚ ਕਈ ਵਸਤੂਆਂ ਦੀ ਉਤਪਤੀ ਦੀ ਪੜਤਾਲ ਕਰਦੀ ਹੈ। ਭਾਰਤ ਇਸ ਹੀਰੇ 'ਤੇ ਅਪਣਾ ਦਾਅਵਾ ਜਤਾਉਂਦਾ ਰਿਹਾ ਹੈ। ਇਸ ਦੇ ਲੇਬਲ ’ਤੇ ਲਿਖਿਆ ਹੈ, “ਲਾਹੌਰ ਦੀ 1849 ਦੀ ਸੰਧੀ ਨਾਲ 10 ਸਾਲਾ ਮਹਾਰਾਜ ਦਲੀਪ ਸਿੰਘ, ਪੰਜਾਬ ਦੇ ਕਬਜ਼ੇ ਦੇ ਨਾਲ-ਨਾਲ ਹੀਰੇ ਨੂੰ ਮਹਾਰਾਣੀ ਵਿਕਟੋਰੀਆ ਨੂੰ ਸੌਂਪਣ ਲਈ ਮਜਬੂਰ ਹੋਏ। ਕੋਹ-ਏ-ਨੂਰ ਦਾ ਅਰਥ ਫ਼ਾਰਸੀ ਭਾਸ਼ਾ ਵਿਚ ‘ਪ੍ਰਕਾਸ਼ ਦਾ ਪਰਬਤ’ ਹੈ”। ਇਹ ਪ੍ਰਦਰਸ਼ਨੀ ਨਵੰਬਰ ਤਕ ਚਲੇਗੀ।