ਖਾਲਸਾ ਜੋੜਨ ਵਾਲੀ ਸ਼ਕਤੀ ਹੈ, ਨਾ ਕਿ ਤੋੜਨ ਵਾਲੀ : ਤਰਨਜੀਤ ਸਿੰਘ ਸੰਧੂ

  • ਮੁੱਠੀ ਭਰ ਸ਼ਰਾਰਤੀ ਅਨਸਰ ਇੰਟਰਨੈੱਟ ਮੀਡੀਆ ਦਾ ਸਹਾਰਾ ਲੈ ਕੇ ਸਿੱਖ ਧਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ : ਸੰਧੂ

ਵਾਸ਼ਿੰਗਟਨ,  11 ਅਪ੍ਰੈਲ : ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਖਾਲਸਾ ਜੋੜਨ ਵਾਲੀ ਸ਼ਕਤੀ ਹੈ, ਨਾ ਕਿ ਤੋੜਨ ਵਾਲੀ। ਮੁੱਠੀ ਭਰ ਸ਼ਰਾਰਤੀ ਅਨਸਰ ਇੰਟਰਨੈੱਟ ਮੀਡੀਆ ਦਾ ਸਹਾਰਾ ਲੈ ਕੇ ਸਿੱਖ ਧਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਅਮਰੀਕਾ ’ਚ ਰਹਿ ਰਹੇ ਸਿੱਖਾਂ ਨੂੰ ਸਿੱਖ ਹੀਰੋ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ। ਪੂਰੇ ਅਮਰੀਕਾ ਤੋਂ ਸਿੱਖ ਇੱਥੇ ਇਕੱਠੇ ਹੋਏ ਸਨ। ਉਨ੍ਹਾਂ ਕਿਹਾ ਕਿ ਖਾਲਸਾ ਰਵਾਇਤ ਦੀ ਸ਼ੁਰੂਆਤ 1699 ’ਚ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ। ਇਸਦੀ ਸ਼ੁਰੂਆਤ ਵਿਸਾਖੀ ਦੇ ਦਿਨ ਕੀਤੀ ਗਈ ਸੀ। ਇਸਦਾ ਕੰਮ ਲੋਕਾਂ ਨੂੰ ਆਪਸ ’ਚ ਜੋੜਨਾ ਹੈ, ਨਾ ਕਿ ਅਲੱਗ ਕਰਨਾ। ਅਕਾਲ ਤਖਤ ਤੇ ਨਿਸ਼ਾਨ ਸਾਹਿਬ ’ਤੇ ਲਹਿਰਾਉਣ ਵਾਲਾ ਖਾਲਸਾ ਪੰਥ ਦਾ ਝੰਡਾ ਏਕਤਾ, ਸ਼ਾਂਤੀ ਤੇ ਵਿਸ਼ਵ ਪ੍ਰੇਮ ਦਾ ਝੰਡਾ ਹੈ। ਸਿੱਖ ਧਰਮ ਏਕਤਾ, ਭਾਈਚਾਰੇ, ਪ੍ਰੇਮ, ਬਰਾਬਰੀ ਤੇ ਵਿਭਿੰਨਤਾ ਦਾ ਧਰਮ ਹੈ। ਸਾਨੂੰ ਹਮੇਸ਼ਾ ਇਸਨੂੰ ਆਪਣੇ ਮਨ ’ਚ ਰੱਖਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਗੱਲਾਂ ਨੂੰ ਜਿਹੜਾ ਕੁਝ ਸ਼ਰਾਰਤੀ ਅਨਸਰ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਕਰ ਰਹੇ ਹਨ।ਇਸਦੇ ਨਾਲ ਹੀ ਭਾਰਤ ’ਚ ਪ੍ਰਧਾਨ ਮੰਤਰੀ ਦੀ ਅਗਵਾਈ ’ਚ ਹੋ ਰਹੇ ਵਿਕਾਸ ਕਾਰਜਾਂ ਦਾ ਵੀ ਉਨ੍ਹਾਂ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਭਾਰਤ ’ਚ ਹੋ ਰਹੇ ਆਰਥਿਕ, ਵਿੱਤੀ, ਤਕਨੀਕੀ ਤੇ ਡਿਜੀਟਲ ਖੇਤਰ ’ਚ ਵਿਕਾਸ ਨਾਲ ਖੁਦ ਨੂੰ ਜੋੜਨ ਦੀ ਲੋੜ ਹੈ। ਨਾਲ ਹੀ ਭਾਰਤ ਤੇ ਅਮਰੀਕਾ ਵਿਚਾਲੇ ਕਈ ਖੇਤਰਾਂ ’ਚ ਵਧਦੀ ਭਾਈਵਾਲੀ ਦਾ ਵੀ ਫਾਇਦਾ ਚੁੱਕਣ ਦੀ ਲੋੜ ਹੈ।