ਇਜ਼ਰਾਈਲ ਨੇ ਲਿਬਨਾਨ ਵਿੱਚ ਹਿਜ਼ਬੁੱਲਾ ਖ਼ਿਲਾਫ਼ ਖੋਲਿ੍ਹਆ ਮੋਰਚਾ, ਔਰਤਾਂ ਅਤੇ ਬੱਚਿਆਂ ਸਮੇਤ 500 ਮੌਤਾਂ

ਬੇਰੂਤ, 24 ਸਤੰਬਰ, 2024 : ਇਜ਼ਰਾਈਲ ਨੇ ਲਿਬਨਾਨ ਵਿੱਚ ਹਿਜ਼ਬੁੱਲਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। IDF ਨੇ ਲਿਬਨਾਨ ਵਿੱਚ ਭਾਰੀ ਤਬਾਹੀ ਮਚਾਈ ਹੈ। ਇਜ਼ਰਾਈਲ ਨੇ ਹਿਜ਼ਬੁੱਲਾ ਦੇ ਖ਼ਿਲਾਫ਼ ਆਪਣਾ ਸਭ ਤੋਂ ਘਾਤਕ ਹਮਲਾ ਕੀਤਾ। ਇਸ ਹਮਲੇ ਵਿੱਚ 90 ਤੋਂ ਵੱਧ ਔਰਤਾਂ ਅਤੇ ਬੱਚਿਆਂ ਸਮੇਤ 500 ਤੋਂ ਵੱਧ ਲੋਕ ਮਾਰੇ ਗਏ ਹਨ। ਲਿਬਨਾਨ ਦੇ ਸਿਹਤ ਮੰਤਰੀ ਮੁਤਾਬਕ ਹਮਲੇ 'ਚ 500 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ 35 ਬੱਚੇ ਅਤੇ 58 ਔਰਤਾਂ ਸ਼ਾਮਲ ਹਨ। ਜ਼ਖ਼ਮੀਆਂ ਦੀ ਗਿਣਤੀ 1600 ਤੋਂ ਵੱਧ ਹੈ। ਇਜ਼ਰਾਈਲ ਨੇ ਕਿਹਾ ਹੈ ਕਿ ਉਸ ਨੇ ਹਿਜ਼ਬੁੱਲਾ ਦੇ 1600 ਤੋਂ ਵੱਧ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ, ਜਿੱਥੋਂ ਇਜ਼ਰਾਈਲ 'ਤੇ ਹਮਲੇ ਕੀਤੇ ਜਾਂਦੇ ਸਨ ਜਾਂ ਉੱਥੇ ਹਮਲਿਆਂ ਦੀ ਤਿਆਰੀ ਕੀਤੀ ਜਾਂਦੀ ਸੀ। ਅਮਰੀਕਾ ਨੇ ਵੀ ਇਸ ਹਮਲੇ 'ਤੇ ਚਿੰਤਾ ਪ੍ਰਗਟਾਈ ਹੈ। ਅਮਰੀਕਾ ਨੇ ਮੱਧ ਪੂਰਬ ਵਿੱਚ ਵਾਧੂ ਸੈਨਿਕ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਭਾਵੇਂ ਇਜ਼ਰਾਇਲੀ ਫ਼ੌਜ ਲਗਾਤਾਰ ਲਿਬਨਾਨ 'ਤੇ ਹਵਾਈ ਹਮਲੇ ਕਰ ਰਹੀ ਹੈ ਪਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਕਹਿਣਾ ਹੈ ਕਿ ਇਹ ਜੰਗ ਲਿਬਨਾਨ ਦੇ ਖ਼ਿਲਾਫ਼ ਨਹੀਂ ਹੈ। ਜਦੋਂ ਕਿ ਹਿਜ਼ਬੁੱਲਾ ਨੇ ਕਿਹਾ ਹੈ ਕਿ ਉਹ ਇਜ਼ਰਾਈਲ ਅਤੇ ਕਬਜ਼ੇ ਵਾਲੇ ਪੱਛਮੀ ਕੰਢੇ ਦੇ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਜ਼ਰਾਈਲੀ ਫ਼ੌਜ ਨੇ ਆਮ ਲੋਕਾਂ ਨੂੰ, ਖਾਸ ਕਰ ਕੇ ਦੱਖਣੀ ਲਿਬਨਾਨ, ਜੋ ਕਿ ਹਿਜ਼ਬੁੱਲਾ ਦੇ ਪ੍ਰਭਾਵ ਹੇਠ ਹੈ, ਨੂੰ ਹਥਿਆਰਬੰਦ ਸੰਗਠਨ ਦੇ ਠਿਕਾਣਿਆਂ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਹਿਜ਼ਬੁੱਲਾ ਲੜਾਈ ਵਿਚ ਉਨ੍ਹਾਂ ਨੂੰ ਬਚਾਉਣ ਲਈ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢ ਰਿਹਾ ਹੈ।