ਇਜ਼ਰਾਈਲ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ 'ਚ ਮਿਜ਼ਾਈਲ ਦਾਗੀ, 15 ਮੌਤਾਂ

ਦਮਿਸ਼ਕ, 19 ਫ਼ਰਵਰੀ : ਇਜ਼ਰਾਈਲ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ 'ਚ ਮਿਜ਼ਾਈਲ ਦਾਗੀ, ਜਿਸ 'ਚ 15 ਲੋਕਾਂ ਦੀ ਮੌਤ ਹੋ ਗਈ। ਇਹ ਹਮਲਾ ਇੱਕ ਰਿਹਾਇਸ਼ੀ ਇਮਾਰਤ ਵਿੱਚ ਹੋਇਆ।ਸੀਰੀਆ ਦੀ ਸਰਕਾਰੀ ਸਮਾਚਾਰ ਏਜੰਸੀ SANA ਮੁਤਾਬਕ ਦਮਿਸ਼ਕ 'ਚ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 12:30 ਵਜੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਹਮਲੇ ਵਿੱਚ ਕਈ ਰਿਹਾਇਸ਼ੀ ਇਮਾਰਤਾਂ ਤਬਾਹ ਹੋ ਗਈਆਂ ਹਨ। ਮਰਨ ਵਾਲਿਆਂ 'ਚ ਫੌਜੀ ਵੀ ਸ਼ਾਮਲ ਹਨ, ਜਦਕਿ 15 ਨਾਗਰਿਕ ਜ਼ਖਮੀ ਹੋਏ ਹਨ। ਬ੍ਰਿਟੇਨ ਸਥਿਤ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਦਮਿਸ਼ਕ ਦੇ ਇਲਾਕੇ 'ਚ ਈਰਾਨੀ ਮਿਲੀਸ਼ੀਆ ਅਤੇ ਲੇਬਨਾਨੀ ਅੱਤਵਾਦੀ ਸਮੂਹ ਹਿਜ਼ਬੁੱਲਾ ਨਾਲ ਜੁੜੇ ਇਕ ਈਰਾਨੀ ਸਕੂਲ ਅਤੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ 'ਚ ਇਕ ਔਰਤ ਸਮੇਤ 15 ਲੋਕ ਮਾਰੇ ਗਏ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਸੀਰੀਆ 'ਚ ਹਮਲਾ ਹੋਇਆ ਸੀ। ਇਸ 'ਚ ਕਰੀਬ 53 ਲੋਕਾਂ ਦੀ ਮੌਤ ਹੋ ਗਈ ਸੀ। ਇਸ ਲਈ ਆਈਐਸਆਈਐਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।