ਦੁਬਈ ਵਿੱਚ ਭਾਰਤੀ ਵਿਅਕਤੀ ਨੇ ਜਿੱਤੀ 45 ਕਰੋੜ ਰੁਪਏ ਦੀ ਲਾਟਰੀ 

  • ‘ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ : ਮੁਨੱਵਰ ਫਿਰੋਜ਼

ਯੂ.ਏ.ਈ, 04 ਜਨਵਰੀ : ਰਿਆਦ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਵਿੱਚ ਰਹਿਣ ਵਾਲੇ ਇੱਕ ਭਾਰਤੀ ਵਿਅਕਤੀ ਦੀ ਕਿਸਮਤ ਇੱਕ ਪਲ ਵਿੱਚ ਬਦਲ ਗਈ। ਜਿਸ ‘ਤੇ ਉਹ ਖੁਦ ਵਿਸ਼ਵਾਸ ਨਹੀਂ ਕਰ ਪਾ ਰਿਹਾ। ਇਹ ਵਿਅਕਤੀ ਇਸ ਸਮੇਂ ਦੁਬਈ ਵਿੱਚ ਰਹਿ ਰਿਹਾ ਹੈ ਅਤੇ ਡਰਾਈਵਰ ਵਜੋਂ ਕੰਮ ਕਰਦਾ ਹੈ। ਉਸ ਨੇ 45 ਕਰੋੜ ਰੁਪਏ ਜਿੱਤੇ ਹਨ। ਵਿਅਕਤੀ ਦਾ ਨਾਂ ਮੁਨੱਵਰ ਫਿਰੋਜ਼ ਹੈ। ਉਸ ਨੇ ਇੱਥੇ ਲਾਟਰੀ ਜਿੱਤੀ ਹੈ। ਉਸਨੇ 31 ਦਸੰਬਰ ਨੂੰ ਬਿਗ ਟਿਕਟ ਲਾਈਵ ਡਰਾਅ ਵਿੱਚ 20 ਮਿਲੀਅਨ ਯੂ.ਏ.ਈ ਦਿਰਹਾਮ ਦਾ ਜੈਕਪਾਟ ਇਨਾਮ ਜਿੱਤਿਆ। ਨਵੇਂ ਸਾਲ ਦੀ ਸ਼ੁਰੂਆਤ ਮੁਨੱਵਰ ਲਈ ਬਹੁਤ ਖਾਸ ਹੋਈ ਹੈ। ਉਸ ਨੇ ਆਪਣੇ ਨਾਂ ‘ਤੇ ਲਾਟਰੀ ਲਈ ਜਿਹੜੀ ਟਿਕਟ ਖਰੀਦੀ ਸੀ, ਉਸ ਲਈ 30 ਲੋਕਾਂ ਨੇ ਮਿਲ ਕੇ ਭੁਗਤਾਨ ਕੀਤਾ ਸੀ। ਹੁਣ ਜਿੱਤੀ ਰਕਮ ਇਨ੍ਹਾਂ ਸਾਰੇ ਲੋਕਾਂ ਵਿੱਚ ਵੰਡੀ ਜਾਵੇਗੀ। ਖਲੀਜਾ ਟਾਈਮਜ਼ ਦੀ ਰਿਪੋਰਟ ਮੁਤਾਬਕ ਮੁਨਵਰ ਬਿਗ ਟਿਕਟ ਦਾ ਲੰਬੇ ਸਮੇਂ ਤੋਂ ਗਾਹਕ ਹੈ। ਉਹ ਪਿਛਲੇ ਪੰਜ ਸਾਲਾਂ ਤੋਂ ਹਰ ਮਹੀਨੇ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹੈ। ਉਸਨੇ ਕਿਹਾ ਕਿ ਉਸਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਸਨੇ ਲਾਟਰੀ ਜਿੱਤੀ ਹੈ। ਮੁਨੱਵਰ ਨੇ ਕਿਹਾ,ਈਮਾਨਦਾਰੀ ਨਾਲ ਦੱਸੇ ਤਾਂ ਉਸ ਨੂੰ ਅਜਿਹਾ ਹੋਣ ਦੀ ਉਮੀਦ ਨਹੀਂ ਸੀ, ਇਸ ਲਈ ਉਸ ਨੂੰ ਅਜੇ ਵੀ ਯਕੀਨ ਨਹੀਂ ਹੈ। ਉਸਨੇ ਅੱਗੇ ਕਿਹਾ, ‘ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ ਅਤੇ ਕੁਝ ਸਮੇਂ ਲਈ ਆਪਣੇ ਵਿਕਲਪਾਂ ‘ਤੇ ਵਿਚਾਰ ਕਰਨ ਦੀ ਜ਼ਰੂਰਤ ਹੋਏਗੀ। ਮੁਨੱਵਰ ਤੋਂ ਇਲਾਵਾ ਦਸ ਹੋਰ ਜੇਤੂਆਂ ਨੂੰ ਲਗਭਗ 22-22 ਲੱਖ ਰੁਪਏ ਮਿਲੇ ਹਨ। ਇਨ੍ਹਾਂ ਵਿੱਚ ਭਾਰਤੀ, ਫਲਸਤੀਨੀ, ਲੇਬਨਾਨੀ ਅਤੇ ਸਾਊਦੀ ਅਰਬ ਦੇ ਨਾਗਰਿਕ ਸ਼ਾਮਲ ਹਨ। ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ ਯੂ.ਏ.ਈ ਵਿੱਚ ਕਈ ਹੋਰ ਭਾਰਤੀਆਂ ਨੇ ਲਾਟਰੀ ਜਿੱਤੀ ਹੈ। 31 ਦਸੰਬਰ ਨੂੰ ਸੁਤੇਸ਼ ਕੁਮਾਰ ਕੁਮਾਰੇਸਨ ਨਾਂ ਦੇ ਭਾਰਤੀ ਵਿਅਕਤੀ ਨੇ ਵੀ ਲਾਟਰੀ ਜਿੱਤੀ ਸੀ। ਉਸ ਨੂੰ ਕਰੀਬ 2 ਕਰੋੜ ਰੁਪਏ ਮਿਲੇ ਹਨ। ਸੁਤੇਸ਼ ਇਤਿਹਾਦ ਏਅਰਵੇਜ਼ ਵਿੱਚ ਇੰਜੀਨੀਅਰ ਹੈ ਅਤੇ ਅਬੂ ਧਾਬੀ ਵਿੱਚ ਰਹਿੰਦਾ ਹੈ।