ਜਾਪਾਨ 'ਚ ਭੂਚਾਲ ਕਾਰਨ ਭਾਰੀ ਤਬਾਹੀ, 155 ਵਾਰ ਲੱਗੇ ਝਟਕੇ, 13 ਲੋਕਾਂ ਦੀ ਮੌਤ

ਟੋਕੀਓ, 02 ਜਨਵਰੀ : ਨਵੇਂ ਸਾਲ ਦੇ ਪਹਿਲੇ ਦਿਨ ਸੋਮਵਾਰ ਨੂੰ ਜਾਪਾਨ ਵਿੱਚ 7.6 ਤੀਬਰਤਾ ਦਾ ਭੂਚਾਲ ਆਇਆ। ਇਸ ਤੋਂ ਬਾਅਦ ਇੱਥੇ ਸੁਨਾਮੀ ਆਈ। ਹਾਲਾਂਕਿ ਸ਼ਾਮ ਤੱਕ ਸਰਕਾਰ ਨੇ ਸੁਨਾਮੀ ਦੀ ਚਿਤਾਵਨੀ ਵਾਪਸ ਲੈ ਲਈ। ਸਮੁੰਦਰੀ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਘਰ ਨਾ ਪਰਤਣ ਦੀ ਸਲਾਹ ਦਿੱਤੀ ਗਈ ਹੈ। ਭੂਚਾਲ ਤੋਂ ਬਾਅਦ ਜਾਪਾਨ ਦੇ ਵਾਜਿਮਾ ਸ਼ਹਿਰ 'ਚ ਸੁਨਾਮੀ ਆਈ, ਜਿਸ ਕਾਰਨ ਲਗਭਗ 3 ਫੁੱਟ ਉੱਚੀਆਂ ਲਹਿਰਾਂ ਉੱਠੀਆਂ। ਹਾਲਾਂਕਿ, ਸਰਕਾਰ ਨੇ ਕਿਹਾ ਹੈ ਕਿ ਉਹ ਛੇਤੀ ਹੀ ਇੱਕ ਐਡਵਾਈਜ਼ਰੀ ਜਾਰੀ ਕਰੇਗੀ। ਰਿਪੋਰਟਾਂ ਮੁਤਾਬਕ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰ ਵੱਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਨਿਊਜ਼ ਏਜੰਸੀ ਰਾਇਟਰਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਨਵੇਂ ਸਾਲ ਦੇ ਦਿਨ ਜਾਪਾਨ 'ਚ 7.6 ਤੀਬਰਤਾ ਦਾ ਭੂਚਾਲ ਆਇਆ, ਜਿਸ 'ਚ ਕਈ ਇਮਾਰਤਾਂ ਜ਼ਮੀਨ 'ਚ ਧਸ ਗਈਆਂ। ਉੱਥੇ ਹੀ ਭੂਚਾਲ ਕਾਰਨ ਹਜ਼ਾਰਾਂ ਘਰਾਂ 'ਚ ਬਿਜਲੀ ਗੁੱਲ ਹੋ ਗਈ ਤੇ ਕਈ ਤੱਟਵਰਤੀ ਇਲਾਕਿਆਂ ਦੇ ਨਿਵਾਸੀਆਂ ਨੂੰ ਉੱਚੀਆਂ ਥਾਵਾਂ 'ਤੇ ਭੱਜਣ ਲਈ ਮਜਬੂਰ ਹੋਣਾ ਪਿਆ। ਭੂਚਾਲ ਕਾਰਨ ਜਾਪਾਨ ਦੇ ਪੱਛਮੀ ਤੱਟ ਦੇ ਨਾਲ-ਨਾਲ ਗੁਆਂਢੀ ਦੇਸ਼ ਦੱਖਣੀ ਕੋਰੀਆ ਵਿਚ ਇੱਕ ਮੀਟਰ ਉੱਚੀਆਂ ਲਹਿਰਾਂ ਉੱਠੀਆਂ। ਭੂਚਾਲ ਕਾਰਨ ਰਨਵੇਅ ਵਿਚ ਤਰੇੜਾਂ ਆਉਣ ਤੋਂ ਬਾਅਦ ਇਕ ਸਥਾਨਕ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ। ਰਾਇਟਰਜ਼ ਨੇ ਸਥਾਨਕ ਪ੍ਰਸਾਰਕ NTV ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸ਼ਿਕਾ ਟਾਊਨ, ਇਸ਼ੀਕਾਵਾ ਪ੍ਰੀਫੈਕਚਰ ਵਿੱਚ ਇੱਕ ਇਮਾਰਤ ਡਿੱਗਣ ਨਾਲ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਉਸੇ ਸਮੇਂ ਕਿਓਡੋ ਨਿਊਜ਼ ਨੇ ਪ੍ਰੀਫੈਕਚਰਲ ਕ੍ਰਾਈਸਿਸ ਮੈਨੇਜਮੈਂਟ ਟੀਮ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ਼ੀਕਾਵਾ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ 50 ਸਾਲ ਦੇ ਇੱਕ ਆਦਮੀ ਅਤੇ ਔਰਤ, ਇੱਕ ਨੌਜਵਾਨ ਲੜਕਾ ਅਤੇ ਇੱਕ 70 ਸਾਲਾ ਵਿਅਕਤੀ ਸ਼ਾਮਿਲ ਹਨ। ਇਹ ਜਾਣਿਆ ਜਾਂਦਾ ਹੈ ਕਿ ਇਸ਼ੀਕਾਵਾ ਤੱਟ ਅਤੇ ਨੇੜਲੇ ਸੂਬਿਆਂ ਵਿਚ ਸ਼ਾਮ 4 ਵਜੇ ਤੋਂ ਬਾਅਦ 4 ਦੀ ਤੀਬਰਤਾ ਵਾਲੇ 21 ਭੂਚਾਲ ਆਏ। ਇਨ੍ਹਾਂ ਵਿੱਚੋਂ ਇਕ ਦੀ ਤੀਬਰਤਾ 7.6 ਸੀ। ਭੂਚਾਲ ਤੋਂ ਬਾਅਦ ਇਕ ਮੀਟਰ ਤੱਕ ਸੁਨਾਮੀ ਦੀਆਂ ਲਹਿਰਾਂ ਉੱਠ ਰਹੀਆਂ ਹਨ। ਪ੍ਰਭਾਵਿਤ ਇਲਾਕੇ ਦੇ ਲੋਕ ਦਹਿਸ਼ਤ ਵਿਚ ਹਨ। ਜਾਪਾਨੀ ਜਨਤਕ ਪ੍ਰਸਾਰਕ NHK ਟੀਵੀ ਨੇ ਚੇਤਾਵਨੀ ਦਿੱਤੀ ਹੈ ਕਿ ਸੁਨਾਮੀ ਦੀਆਂ ਲਹਿਰਾਂ ਪੰਜ ਮੀਟਰ ਦੀ ਉਚਾਈ (16.5 ਫੁੱਟ) ਤੱਕ ਪਹੁੰਚ ਸਕਦੀਆਂ ਹਨ। ਲੋਕਾਂ ਨੂੰ ਜਲਦੀ ਤੋਂ ਜਲਦੀ ਉੱਚੀਆਂ ਥਾਵਾਂ ਜਾਂ ਇਮਾਰਤਾਂ ਵਿੱਚ ਪਨਾਹ ਲੈਣੀ ਚਾਹੀਦੀ ਹੈ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਦਾ ਕਹਿਣਾ ਹੈ ਕਿ ਅਗਲੇ ਦੋ-ਤਿੰਨ ਦਿਨਾਂ ਵਿੱਚ ਇਸ ਖੇਤਰ ਵਿੱਚ ਹੋਰ ਵੱਡੇ ਭੂਚਾਲ ਆ ਸਕਦੇ ਹਨ। ਜਾਣਕਾਰੀ ਮੁਤਾਬਿਕ 1 ਦਿਨ 'ਚ 155 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ 'ਚ 7.6 ਤੀਬਰਤਾ ਦਾ ਭੂਚਾਲ ਸਭ ਤੋਂ ਖਤਰਨਾਕ ਸਾਬਤ ਹੋਇਆ। ਸਮਾਚਾਰ ਏਜੰਸੀ ਰਾਇਟਰਸ ਮੁਤਾਬਿਕ ਭੂਚਾਲ ਕਾਰਨ ਲਗਭਗ 33,000 ਘਰ ਬਿਜਲੀ ਤੋਂ ਬਿਨਾਂ ਹਨ ਅਤੇ ਦੇਸ਼ ਭਰ ਦੇ ਕਈ ਮਹੱਤਵਪੂਰਨ ਰਸਤੇ ਬੰਦ ਹਨ, ਜਿਨ੍ਹਾਂ 'ਚ ਪ੍ਰਮੁੱਖ ਹਾਈਵੇਅ ਵੀ ਸ਼ਾਮਲ ਹਨ। ਹੋਨਸ਼ੂ ਟਾਪੂ ਦੇ ਪੱਛਮੀ ਤੱਟ 'ਤੇ ਨੌ ਪ੍ਰੀਫੈਕਚਰ 'ਚ ਰਹਿ ਰਹੇ 97 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਸਲਾਹ ਦਿੱਤੀ ਗਈ ਹੈ।