ਮੱਧ ਮੈਕਸੀਕੋ ਵਿੱਚ ਛੁੱਟੀਆਂ ਮਨਾਉਣ ਆਏ ਲੋਕਾਂ ਤੇ ਬੰਦੂਕਧਾਰੀਆਂ ਨੇ ਕੀਤੀ ਗੋਲੀਬਾਰੀ, ਸੱਤ ਲੋਕਾਂ ਦੀ ਮੌਤ

ਮੈਕਸੀਕੋ, 16 ਅਪ੍ਰੈਲ : ਮੱਧ ਮੈਕਸੀਕੋ ਦੇ ਇੱਕ ਰਿਜ਼ੋਰਟ ਵਿੱਚ ਛੁੱਟੀਆਂ ਮਨਾਉਣ ਆਏ ਲੋਕਾਂ ਤੇ ਕੁੱਝ ਬੰਦੂਕਧਾਰੀਆਂ ਨੇ ਗੋਲੀਬਾਰੀ ਕਰ ਦਿੱਤੀ, ਜਿਸ ਕਾਰਨ ਇੱਕ ਛੋਟੇ ਬੱਚੇ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ।ਗੁਆਨਾਜੁਆਟੋ ਰਾਜ ਵਿੱਚ ਕੋਰਟਾਜ਼ਾਰ ਦੀ ਨਗਰਪਾਲਿਕਾ ਦੇ ਅਧਿਕਾਰੀਆਂ ਵੱਲੋਂ ਦਿੱਤੇ ਬਿਆਨ ਅਨੁਸਾਰ ਲਾ ਪਾਲਮਾ ਰਿਜੋਰਟ ਵਿੱਚ ਸ਼ਨੀਵਾਰ ਦੁਪਹਿਰ ਨੂੰ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਬਿਆਨ ਵਿੱਚ ਹਮਲੇ ਦੇ ਪਿੱਛੇ ਦਾ ਕਾਰਨ ਨਹੀਂ ਦੱਸਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਗੋਲੀਬਾਰੀ ਤੋਂ ਬਾਅਦ ਹਮਲਾਵਰਾਂ ਨੇ ਸਪਾ ਸੈਂਟਰ ਵਿੱਚ ਭੰਨਤੋੜ ਕੀਤੀ ਅਤੇ ਭੱਜਣ ਤੋਂ ਪਹਿਲਾਂ ਸੁਰੱਖਿਆ ਕੈਮਰੇ ਵੀ ਖੋਹ ਲਏ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਵਿੱਚ ਤਿੰਨ ਔਰਤਾਂ, ਤਿੰਨ ਪੁਰਸ਼ ਅਤੇ ਇੱਕ ਬੱਚਾ ਮਾਰੇ ਗਏ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਤੈਰਾਕੀ ਦੀ ਪੋਸ਼ਾਕ ਪਹਿਨੇ ਕਈ ਲੋਕ ਰੋਂਦੇ, ਚੀਕਦੇ, ਆਪਣੇ ਬੱਚਿਆਂ ਨੂੰ ਗਲੇ ਲਗਾਉਂਦੇ ਅਤੇ ਦੌੜਦੇ ਹੋਏ ਦਿਖਾਈ ਦਿੱਤੇ। ਮੈਕਸੀਕੋ ਦੇ ਫੌਜੀ ਅਤੇ ਪੁਲਿਸ ਕਰਮਚਾਰੀ ਹੈਲੀਕਾਪਟਰ ਦੀ ਮਦਦ ਨਾਲ ਹਮਲਾਵਰਾਂ ਦੀ ਭਾਲ ਕਰ ਰਹੇ ਹਨ।