ਕੁਦਰਤ ਦੇ ਕਹਿਰ ਨੇ ਬ੍ਰਾਜ਼ੀਲ ਵਿੱਚ ਮਚਾਈ ਤਬਾਹੀ, ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ 36 ਲੋਕਾਂ ਦੀ ਮੌਤ 

ਸਾਓ ਪੌਲੋ, 20 ਫਰਵਰੀ : ਬ੍ਰਾਜ਼ੀਲ ਵਿੱਚ ਕੁਦਰਤ ਦੇ ਕਹਿਰ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਬ੍ਰਾਜ਼ੀਲ ਦੇ ਦੱਖਣ-ਪੂਰਬ ਦੇ ਤੱਟੀ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 36 ਲੋਕਾਂ ਦੀ ਮੌਤ ਹੋ ਗਈ ਹੈ। ਇਲਾਕੇ ਵੀਹ ਰਾਹਤ ਤੇ ਬਚਾਅ ਦਾ ਕੰਮ ਚਲਾਇਆ ਜਾ ਰਿਹਾ ਹੈ। ਬ੍ਰਾਜ਼ੀਲ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਰਾਜ ਸਾਓ ਪਾਓਲੋ ਹੜ੍ਹ ਤੇ ਜ਼ਮੀਨ ਖਿਸਕਣ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਸਬੰਧੀ ਬ੍ਰਾਜ਼ੀਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਤਰੀ ਸਾਓ ਪਾਓਲੋ ਸੂਬੇ ਦੇ ਕਈ ਸ਼ਹਿਰਾਂ ਵਿੱਚ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ ਗੰਭੀਰ ਸਥਿਤੀ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ 36 ਲੋਕਾਂ ਦੀ ਮੌਤ ਹੋ ਗਈ ਹੈ ਤੇ ਇਹ ਗਿਣਤੀ ਹਾਲੇ ਹੋਰ ਵੱਧ ਸਕਦੀ ਹੈ। ਇਸ ਦੇ ਨਾਲ ਹੀ ਬਚਾਅ ਟੀਮਾਂ ਲਾਪਤਾ, ਜ਼ਖਮੀਆਂ ਅਤੇ ਮਲਬੇ 'ਚ ਦੱਬੇ ਲੋਕਾਂ ਦੀ ਭਾਲ ਕਰ ਰਹੀਆਂ ਹਨ। ਸਾਓ ਸੇਬਾਸਟਿਆਓ ਦੇ ਮੇਅਰ, ਫੇਲਿਪ ਔਗਸਟੋ ਨੇ ਕਿਹਾ ਕਿ "ਸਾਡੇ ਬਚਾਅ ਕਰਮਚਾਰੀ ਕਈ ਥਾਵਾਂ 'ਤੇ ਪਹੁੰਚਣ ਵਿੱਚ ਅਸਮਰੱਥ ਹਨ, ਇਹ ਇੱਕ ਅਰਾਜਕਤਾ ਵਾਲੀ ਸਥਿਤੀ ਹੈ।" ਉਨ੍ਹਾਂ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਦਰਜਨਾਂ ਲੋਕ ਮਾਰੇ ਗਏ ਹਨ ਅਤੇ 50 ਤੋਂ ਵੱਧ ਘਰ ਢਹਿ ਗਏ ਹਨ। ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਸ ਇਨਾਸੀਓ ਲੂਲਾ ਡਾ ਸਿਲਵਾ ਨੇ ਟਵਿੱਟਰ 'ਤੇ ਕਿਹਾ ਕਿ ਉਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਨਗੇ।