ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਵੱਲੋਂ ਭਾਈ ਹਰਨਾਮ ਸਿੰਘ ਧੁੰਮਾ ਨੂੰ ਦਮਦਮੀ ਟਕਸਾਲ ਦਾ ਆਗੂ ਮੰਨਣ ਤੋਂ ਇਨਕਾਰ

  • ਸ਼ਹੀਦਾਂ ਨੂੰ ਪੈਦਾ ਕਰਨ ਵਾਲੀ ਪੰਥ ਦੀ ਮਾਣਮੱਤੀ ਜਥੇਬੰਦੀ ਦਮਦਮੀ ਟਕਸਾਲ ਦੇ ਸੁਹਿਰਦ ਟਕਸਾਲੀ ਆਗੂਆਂ ਨੂੰ ਅਪੀਲ, ਕਿਸੇ ਯੋਗ ਸਖਸ਼ੀਅਤ ਨੂੰ ਦਿੱਤੀ ਜਾਵੇ ਮੁਖੀ ਦੀ ਜ਼ੁੰਮੇਵਾਰੀ

ਨਿਊਯਾਰਕ, 01 ਸਤੰਬਰ 2024 : ਅਮਰੀਕਾ ਦੀਆਂ ਡੇਢ ਦਰਜਨ ਸਿੱਖ ਜਥੇਬੰਦੀਆਂ ਵੱਲੋਂ ਭਾਈ ਹਰਨਾਮ ਸਿੰਘ ਧੁੰਮਾ ਨੂੰ ਦਮਦਮੀ ਟਕਸਾਲ ਦਾ ਆਗੂ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਨ੍ਹਾਂ ਜਥੇਬੰਦੀਆਂ ਵੱਲੋਂ ਟਕਸਾਲ ਦੇ ਟਕਸਾਲੀ ਸਿੰਘਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਟਕਸਾਲ ਨੂੰ ਧੁੰਮਾਂ ਦੇ ਕਬਜ਼ੇ ਵਿਚੋਂ ਛਡਵਾਉਣ ਲਈ ਤਿਆਰੀ ਕਰਨ।  ਧੁੰਮਾਂ ਨੂੰ ਸਿੱਖ ਵਿਰੋਧੀ ਅਤੇ ਸਰਕਾਰਾਂ ਅਤੇ ਪੰਥ ਵਿਰੋਧੀਆਂ ਦੇ ਹੱਥਾਂ ਵਿਚ ਖੇਡਾਂ ਵਾਲੇ ਕਰਾਰ ਦੇਕੇ ਆਰ ਐਸ ਐਸ ਦੀ ਨੇੜਤਾ ਦਾ ਦੋਸ਼ੀ ਵੀ ਕਿਹਾ ਗਿਆ ਹੈ।  ਹਿੰਮਤ ਸਿੰਘ, ਹਰਜਿੰਦਰ ਸਿੰਘ ਅਤੇ ਜਸਵੰਤ ਸਿੰਘ ਹੋਠੀ ਸਮੇਤ ਹੋਰਨਾਂ ਆਗੂਆਂ ਦੀ ਤਰਫ਼ੋਂ ਜਾਰੀ ਕੀਤੇ ਇੱਕ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਅੱਜ ਅਮਰੀਕਾ ਭਰ ਦੀਆਂ ਪੰਥਕ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਅਤੇ ਪੰਥ ਪ੍ਰਸਤਾਂ ਦੀ ਹੰਗਾਮੀ ਤੌਰ ਤੇ ਇੱਕ ਟੈਲੀਕਾਨਫਰੰਸ ਸੱਦੀ ਗਈ, ਜਿਸ ਵਿੱਚ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਨੇ ਬਹੁਤ ਵੱਡੀ ਤਾਦਾਦ ਵਿੱਚ ਹਿੱਸਾ ਲਿਆ। ਦਮਦਮੀ ਟਕਸਾਲ ਜਿਸ ਨੂੰ ਯੋਧਿਆਂ ਦੀ ਖਾਣ ਵੀ ਕਿਹਾ ਜਾਂਦਾ ਹੈ, ਪੰਥ ਦੀ ਇੱਕ ਸਤਿਕਾਰਤ ਜਥੇਬੰਦੀ ਹੈ, ਜਿਸ ਉੱਪਰ  ਸਰਕਾਰੀ ਸਰਪ੍ਰਸਤੀ ਨਾਲ ਕਾਬਜ਼ ਹੋਏ ਬੈਠੇ ਭਾਈ ਹਰਨਾਮ ਸਿੰਘ ਧੁੰਮਾ ਜੋ ਕਿ ਆਪਣੇ ਆਪ ਨੂੰ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਉਤਰਾਧਿਕਾਰੀ ਹੋਣ ਦਾ ਦਾਅਵਾ ਕਰਦੇ ਹਨ, ਪਰੰਤੂ ਕਿਰਦਾਰ ਪੱਖੋਂ  ਸਰਕਾਰਾਂ ਤੇ ਪ੍ਰਧਾਨ ਮੰਤਰੀਆਂ ਅੱਗੇ ਖਲੋਣ ਵਾਲੇ ਟਕਸਾਲ ਦੇ ਪੁਰਾਣੇ ਮੁਖੀਆਂ ਸਾਹਮਣੇ ਬਿਲਕੁਲ ਬੌਣੇ ਕਿਰਦਾਰ ਦੇ ਨਜ਼ਰ ਆਉਂਦੇ ਹਰਨਾਮ ਸਿੰਘ ਧੁੰਮਾਂ, ਆਪਣੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਮੇਂ ਜਦੋਂ ਹਰ ਸਿੱਖ ਦਾ ਕਲੇਜਾ ਪਾਟ ਗਿਆ ਸੀ  ਉਸ ਮੌਕੇ ਵੀ ਚੁੱਪ ਰਹਿ ਕੇ ਸਰਕਾਰ ਤੇ ਬਾਦਲਾਂ ਨਾਲ ਵਫਾਦਾਰੀ ਨਿਭਾਉਣ ਵਾਲੇ  ਹਰਨਾਮ ਸਿੰਘ ਧੁੰਮਾ ਟਕਸਾਲ ਦੇ ਆਗੂ ਕਹਾਉਣ ਦੇ ਬਿਲਕੁਲ ਵੀ ਯੋਗ ਨਹੀਂ ਹਨ।  ਸਿੱਖ ਕੌਮ ਦੇ ਪਾਤਸ਼ਾਹੀ ਦਾਅਵੇ ਨੂੰ ਮੁੜ ਸੁਰਜੀਤ ਕਰਕੇ ਮੌਜੂਦਾ ਸੰਘਰਸ਼ ਨੂੰ ਰੁਸ਼ਨਾਉਣ ਵਾਲੇ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਰਸਤੇ ਤੋਂ ਉਲਟ ਚੱਲ ਕੇ ਹਰਨਾਮ ਸਿੰਘ ਧੁੰਮਾ ਨੇ ਦਮਦਮੀ ਟਕਸਾਲ ਅਤੇ ਸਿੱਖ ਕੌਮ ਦੋਵਾਂ ਨੂੰ ਵੱਡੀ ਢਾਹ ਲਾਈ ਹੈ। ਸ਼ੁਰੂ ਤੋਂ ਹੀ ਸਵਾਲਾਂ ਵਿਚ ਘਿਰੇ ਰਹੇ ਹਰਨਾਮ ਸਿੰਘ ਧੁੰਮਾ ਨੂੰ ਬੜੇ ਹੀ ਸ਼ੱਕੀ ਤਰੀਕੇ ਨਾਲ ਅਮਰੀਕਾ ਤੋਂ ਲਿਜਾ ਕੇ ਏਜੰਸੀਆਂ ਦੀ ਮਦਦ ਨਾਲ ਕੇ ਪੀ ਗਿੱਲ ਨੇ ਦਮਦਮੀ ਟਕਸਾਲ ਮਹਿਤਾ ਉੱਪਰ ਕਬਜ਼ਾ ਕਰਵਾਉਣ ਵਿੱਚ ਮਦਦ ਕੀਤੀ। ਇੱਕ ਸਮੇਂ ਸਿੱਖ ਸੰਘਰਸ਼ ਦਾ ਧੁਰਾ ਰਹੀ ਟਕਸਾਲ ਨੂੰ ਕਾਬੂ ਕਰਨਾ ਸਰਕਾਰੀ ਏਜੰਡੇ ਵਿੱਚ ਨੰਬਰ ਇੱਕ ਉੱਤੇ ਸੀ, ਜਿਸ ਕੰਮ ਨੂੰ ਹਰਨਾਮ ਸਿੰਘ ਧੁੰਮਾ ਦੇ ਕਾਬਜ਼ ਹੋਣ ਨਾਲ ਸੌਖਿਆਂ ਹੀ ਅੰਜਾਮ ਤੱਕ ਪਹੁੰਚਾਉਣ ਵਿੱਚ ਮਦਦ ਮਿਲੀ। ਹਰਨਾਮ ਸਿੰਘ ਧੁੰਮਾ ਦੀ ਮਦਦ ਨਾਲ ਏਜੰਸੀਆਂ ਨੇ ਧਾਰਮਿਕ ਅਤੇ ਸਿਆਸੀ ਤੌਰ ਤੋਂ ਸਿੱਖ ਕੌਮ ਦਾ ਨੁਕਸਾਨ ਕੀਤਾ। ਇਨ੍ਹਾਂ ਸਰਕਾਰੀ ਸਾਜ਼ਿਸ਼ਾਂ ਨੂੰ ਅੰਜਾਮ ਦੇਣ ਦਾ ਜ਼ਿਕਰ IB ਦੇ ਡਾਇਰੈਕਟਰ ਰਹੇ ਮਲੋਆ ਕ੍ਰਿਸ਼ਨ ਧਰ ਨੇ ਆਪਣੀ ਕਿਤਾਬ ਖੁੱਲ੍ਹੇ ਭੇਦ (OPEN SECRETS) ਵਿੱਚ ਵੀ ਵਿਸਤਾਰ ਨਾਲ ਕੀਤਾ ਹੈ। ਇਸ 4 ਘੰਟੇ ਦੇ ਕਰੀਬ ਚੱਲੀ ਕਾਨਫ਼ਰੰਸ ਵਿੱਚ ਸਾਰੇ ਬੁਲਾਰਿਆਂ ਨੇ ਇਕਮੱਤ ਹੋ ਕੇ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਇੱਕ ਦੂਜੇ ਨਾਲ ਆਪਸੀ ਭਾਈਚਾਰਕ ਸਾਂਝ ਅਤੇ ਏਕਤਾ ਨੂੰ ਬਣਾਈ ਰੱਖਣ। ਅੱਜ ਟੈਲੀਕਾਨਫਰੰਸ ਵਿੱਚ ਸ਼ਾਮਲ ਸਮੂਹ ਨੁਮਾਇੰਦਿਆਂ ਨੇ ਦਮਦਮੀ ਟਕਸਾਲ ਨੂੰ ਪੰਥ ਦੀ ਬਹੁਤ ਸਤਿਕਾਰਤ ਜਥੇਬੰਦੀ ਐਲਾਨਦਿਆਂ ਪਿਛਲੇ ਸਮੇਂ ਵਿੱਚ ਕੌਮੀ ਅਗਵਾਈ ਕਰਨ ਲਈ ਬੇਹੱਦ ਸ਼ਲਾਘਾ ਕੀਤੀ, ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਚਨਾਂ ਉੱਤੇ ਆਖ਼ਰੀ ਸਾਹਾਂ ਤੱਕ ਪਹਿਰਾ ਦੇਣ ਦੀ ਵਚਨਬੱਧਤਾ ਦੁਹਰਾਈ। ਨਾਲ ਹੀ ਸਾਰਿਆਂ ਨੇ ਇੱਕ ਅਵਾਜ਼ ਵਿੱਚ ਦਮਦਮੀ ਟਕਸਾਲ ਦੇ ਸੁਹਿਰਦ ਟਕਸਾਲੀ ਸਿੰਘਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੁਰੂ ਮਹਾਰਾਜ ਦੇ ਓਟ ਆਸਰੇ ਨਾਲ ਇਕਜੁੱਟ ਹੋ ਕੇ ਇਸ ਮਾਣਮੱਤੀ ਜਥੇਬੰਦੀ ਨੂੰ ਸਰਕਾਰੀ ਪ੍ਰਭਾਵ ਤੋਂ ਮੁਕਤ ਕਰਾਉਣ ਲਈ ਤਤਪਰ ਹੋਣ ਤਾਂ ਕਿ ਗੁਰੂ ਸਾਹਿਬ ਦੀ ਅਗੰਮੀ ਬਖ਼ਸ਼ੀਸ਼ ਦੇ ਪਾਤਰ ਉੱਚੇ ਜੀਵਨ ਵਾਲੇ ਕਿਸੇ ਯੋਗ ਜਰਨੈਲ ਨੂੰ  ਦਮਦਮੀ ਟਕਸਾਲ ਦੀ ਅਗਵਾਈ ਦਿੱਤੀ ਜਾਵੇ ।