ਹੇਬੇਈ ਦੇ ਰੈਸਟੋਰੈਂਟ ਵਿਚ ਹੋਇਆ ਧਮਾਕਾ, 2 ਵਿਅਕਤੀਆਂ ਦੀ ਮੌਤ, 26 ਜ਼ਖ਼ਮੀ 

ਬੀਜਿੰਗ, 13 ਮਾਰਚ : ਚੀਨ ਦੇ ਹੇਬੇਈ ਸੂਬੇ ਵਿਚ ਬੁੱਧਵਾਰ ਸਵੇਰੇ ਤਕਰੀਬਨ ਅੱਠ ਵਜੇ ਰੈਸਟੋਰੈਂਟ ਵਿਚ ਧਮਾਕਾ ਹੋ ਗਿਆ। ਹਾਦਸੇ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ ਤੇ 26 ਜਣੇ ਜ਼ਖ਼ਮੀ ਹੋ ਗਏ। ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਧਮਾਕਾ ਗੈਸ ਲੀਕੇਜ ਹੋਣ ਕਾਰਨ ਹੋਇਆ ਹੈ। ਘਟਨਾ ਦੀ ਜਾਣਕਾਰੀ ’ਤੇ ਬਚਾਅ ਕਾਮੇ ਤੁਰੰਤ ਮੌਕੇ ’ਤੇ ਪੁੱਜੇ। ਧਮਾਕੇ ਵਿਚ ਇਮਾਰਤ ਦਾ ਅਗਲਾ ਹਿੱਸਾ ਤੇ ਕਈ ਕਾਰਾਂ ਨੁਕਸਾਨੀਆਂ ਗਈਆਂ। ਨਜ਼ਦੀਕੀ ਗਲੀਆਂ ਵਿਚ ਕੱਚ ਦੇ ਟੁੱਕੜੇ ਖਿੰਡ ਗਏ। ਸਰਕਾਰ ਵੱਲੋਂ ਜਾਰੀ ਸੀਸੀਟੀਵੀ ਫੁਟੇਜ ਵਿਚ ਵਿਖਾਇਆ ਗਿਆ ਹੈ ਕਿ ਧੂੰਆ ਉੱਠ ਰਿਹਾ ਹੈ ਤੇ ਨੇੜਲੀ ਸੜਕ ’ਤੇ ਖਿਲਰਿਆ ਨਜ਼ਰ ਆਇਆ। ਚੀਨ ਵਿਚ ਲਗਭਗ ਹਰੇਕ ਮਹੀਨੇ ਅੱਗ ਦੀਆਂ ਘਟਨਾਵਾਂ ਤੇ ਗੈਸ ਧਮਾਕੇ ਹੋ ਰਹੇ ਹਨ। ਅਜਿਹੇ ਵਿਚ ਰਾਸ਼ਟਰਪਤੀ ਸ਼ੀ ਸ਼ਿਨਪਿੰਗ ਨੇ ਸਬੰਧਤ ਏਜੰਸੀਆਂ ਨੂੰ ਅਹਿਤਿਆਤੀ ਕਦਮ ਚੁੱਕਣ ਦੇ ਹੁਕਮ ਕੀਤੇ ਹਨ। ਬੀਤੇ ਮਹੀਨੇ ਨਾਨਨਿੰਗ ਸ਼ਹਿਰ ਵਿਚ ਇਮਾਰਤ ਵਿਚ ਅੱਗ ਲੱਗਣ ਨਾਲ 15 ਜਣਿਆਂ ਦੀ ਮੌਤ ਹੋ ਗਈ ਸੀ ਤੇ 44 ਹੋਰ ਫੱਟੜ ਹੋ ਗਏ ਸਨ।