ਆਇਰਲੈਂਡ 'ਚ ਗੈਸ ਸਟੇਸ਼ਨ 'ਤੇ ਧਮਾਕਾ, 10 ਲੋਕਾਂ ਦੀ ਮੌਤ

ਆਇਰਲੈਂਡ : ਆਇਰਲੈਂਡ ਦੇ ਡੋਨੇਗਲ ਵਿੱਚ ਇੱਕ ਗੈਸ ਸਟੇਸ਼ਨ ਵਿੱਚ ਧਮਾਕਾ ਹੋਇਆ। ਇਸ 'ਚ 10 ਲੋਕਾਂ ਦੀ ਮੌਤ ਹੋ ਗਈ। ਖਬਰਾਂ ਮੁਤਾਬਕ ਇਹ ਘਟਨਾ ਰਾਤ ਨੂੰ ਵਾਪਰੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਹੁਣ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਹਾਦਸੇ ਵਿੱਚ 10 ਲੋਕਾਂ ਦੀ ਜਾਨ ਚਲੀ ਗਈ ਹੈ।ਇੱਕ ਅਧਿਕਾਰੀ ਡੇਵਿਡ ਕੈਲੀ ਨੇ ਦੱਸਿਆ ਕਿ ਇਹ ਧਮਾਕਾ ਉੱਤਰੀ ਪੱਛਮੀ ਆਇਰਲੈਂਡ ਦੇ ਡੋਨੇਗਲ ਕਾਉਂਟੀ ਦੇ ਇੱਕ ਛੋਟੇ ਜਿਹੇ ਪਿੰਡ ਕ੍ਰੇਸਲੋ ਵਿੱਚ ਐਪਲਗ੍ਰੀਨ ਪੈਟਰੋਲ ਸਟੇਸ਼ਨ 'ਤੇ ਹੋਇਆ। ਧਮਾਕਾ ਇੰਨਾ ਭਿਆਨਕ ਸੀ ਕਿ ਆਸ-ਪਾਸ ਦੀਆਂ ਕੁਝ ਇਮਾਰਤਾਂ ਤਬਾਹ ਹੋ ਗਈਆਂ। ਮੌਕੇ 'ਤੇ ਖੜ੍ਹੀਆਂ ਕਾਰਾਂ ਵੀ ਮਲਬੇ 'ਚ ਤਬਦੀਲ ਹੋ ਗਈਆਂ। ਇਸ 'ਚ 3 ਔਰਤਾਂ, 3 ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ।ਡੇਵਿਡ ਕੇਲੀ ਨੇ ਕਿਹਾ ਕਿ ਪੈਟਰੋਲ ਸਟੇਸ਼ਨ 'ਤੇ ਧਮਾਕੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਆਇਰਲੈਂਡ ਦੇ ਪ੍ਰਧਾਨ ਮੰਤਰੀ ਮਾਈਕਲ ਮਾਰਟਿਨ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਵਿਨਾਸ਼ਕਾਰੀ ਧਮਾਕੇ ਤੋਂ ਬਾਅਦ ਕ੍ਰਿਸਲੋ ਦੇ ਪੂਰੇ ਭਾਈਚਾਰੇ ਪ੍ਰਤੀ ਅਸੀਂ ਸੰਵੇਦਨਾ ਪ੍ਰਗਟਾਉਂਦੇ ਹਾਂ। ਅਸੀਂ ਉਨ੍ਹਾਂ ਦੇ ਨਾਲ ਹਾਂ। ਸਾਰੀਆਂ ਐਮਰਜੈਂਸੀ ਸੇਵਾਵਾਂ ਇਸ ਦਰਦਨਾਕ ਸਥਿਤੀ ਨਾਲ ਨਜਿੱਠਣ ਲਈ ਕੰਮ ਕਰ ਰਹੀਆਂ ਹਨ।