ਕੰਪਨੀ ਯੂਕਰੇਨ ਵਿੱਚ ਸਟਾਰਲਿੰਕ ਇੰਟਰਨੈਟ ਸੇਵਾ ਪ੍ਰਦਾਨ ਕਰਨਾ ਜਾਰੀ ਰੱਖੇਗੀ : ਐਲਨ ਮਸਕ

ਦੁਨੀਆ ਦੇ ਸਭ ਤੋਂ ਅਮੀਰ ਬੰਦੇ ਐਲਨ ਮਸਕ ਨੇ ਜੰਗਪੀੜਤ ਦੇਸ਼ ਯੂਕਰੇਨ ਵਿੱਚ ਆਪਣੀ ਕੰਪਨੀ ਸਟਾਰਲਿੰਕ ਦੀ ਸੈਟੇਲਾਈਟ ਆਧਾਰਿਤ ਮੁਫਤ ਇੰਟਰਨੈੱਟ ਸੇਵਾ ਨੂੰ ਜਾਰੀ ਰੱਖਣ ਦੀ ਗੱਲ ਕੀਤੀ ਹੈ। ਜਦੋਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਸੰਕੇਤ ਦਿੱਤਾ ਸੀ ਕਿ ਯੂਕਰੇਨ ਵਿੱਚ ਉਨ੍ਹਾਂ ਦੀ ਕੰਪਨੀ ਵੱਲੋਂ ਦਿੱਤੀ ਜਾ ਰਹੀ ਇੰਟਰਨੈਟ ਸੇਵਾ ਠੱਪ ਹੋ ਸਕਦੀ ਹੈ। ਟੇਸਲਾ ਅਤੇ ਸਪੇਸਐਕਸ ਵਰਗੀਆਂ ਕੰਪਨੀਆਂ ਦੇ ਮਾਲਕ ਐਲਨ ਮਸਕ ਨੇ ਘੋਸ਼ਣਾ ਕੀਤਾ ਕਿ ਉਨ੍ਹਾਂ ਦੀ ਕੰਪਨੀ ਯੂਕਰੇਨ ਵਿੱਚ ਸਟਾਰਲਿੰਕ ਇੰਟਰਨੈਟ ਸੇਵਾ ਪ੍ਰਦਾਨ ਕਰਨਾ ਜਾਰੀ ਰੱਖੇਗੀ। ਮਸਕ ਨੇ ਟਵਿੱਟਰ ‘ਤੇ ਲਿਖਿਆ, ‘ਸਟਾਰਲਿੰਕ ਨੂੰ ਅਜੇ ਵੀ ਪੈਸਿਆਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਹੋਰ ਕੰਪਨੀਆਂ ਨੂੰ ਟੈਕਸਪੇਅਰ ਦੇ ਅਰਬਾਂ ਡਾਲਰ ਮਿਲ ਰਹੇ ਹਨ। ਅਸੀਂ ਯੂਕਰੇਨ ਦੀ ਸਰਕਾਰ ਨੂੰ ਮੁਫਤ ਵਿੱਚ ਫੰਡ ਦੇਣਾ ਜਾਰੀ ਰੱਖਾਂਗੇ।” ਮਸਕ ਨੇ ਕਿਹਾ ਕਿ ਸਪੇਸਐਕਸ ਯੂਕਰੇਨ ਵਿੱਚ ਸਟਾਰਲਿੰਕ ਦੀ ਇੰਟਰਨੈਟ ਸੇਵਾ ਲਈ ਅਣਮਿੱਥੇ ਸਮੇਂ ਲਈ ਫੰਡ ਜਾਰੀ ਕਰਨ ਦੇ ਯੋਗ ਨਹੀਂ ਹੋਵੇਗਾ। ਇਸ ‘ਤੇ ਅਮਰੀਕੀ ਫੌਜ ਨੇ ਕਿਹਾ ਕਿ ਉਹ ਇੰਟਰਨੈੱਟ ਸੇਵਾ ਲਈ ਫੰਡਿੰਗ ਨੂੰ ਲੈ ਕੇ ਮਸਕ ਦੀ ਕੰਪਨੀ ਨਾਲ ਗੱਲਬਾਤ ਕਰ ਰਹੇ ਹਨ। ਯੂਕਰੇਨ ‘ਤੇ ਰੂਸ ਦੇ ਭਿਆਨਕ ਹਮਲੇ ਦੇ ਵਿਚਾਲੇ ਸਟਾਰਲਿੰਕ ਦੀ ਇੰਟਰਨੈਟ ਸੇਵਾ ਇਸ ਸਮੇਂ ਯੂਕਰੇਨੀ ਨਾਗਰਿਕਾਂ ਲਈ ਜ਼ਰੂਰੀ ਹੈ, ਤਾਂ ਜੋ ਉਹ ਬਾਕੀ ਦੁਨੀਆ ਅਤੇ ਬਾਹਰ ਰਹਿੰਦੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਵਿੱਚ ਰਹਿ ਸਕਣ। ਜਾਣਕਾਰੀ ਮੁਤਾਬਕ ਸਟਾਰਲਿੰਕ ਦੁਨੀਆ ਭਰ ‘ਚ ਜਿੱਥੇ ਇੰਟਰਨੈੱਟ ਦੀ ਪਹੁੰਚ ਘੱਟ ਹੈ, ਉੱਥੇ ਇੰਟਰਨੈੱਟ ਮੁਹੱਈਆ ਕਰਵਾਉਣ ਲਈ 2000 ਸੈਟੇਲਾਈਟਸ ਦੀ ਵਰਤੋਂ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਐਲਨ ਦੀ ਕੰਪਨੀ ਸਪੇਸਐਕਸ ‘ਸਟਾਰਲਿੰਕ’ ਦਾ ਸੰਚਾਲਨ ਕਰਦੀ ਹੈ, ਜੋ ਕਿ ਸੈਟੇਲਾਈਟ ਇੰਟਰਨੈੱਟ ਸੇਵਾ ਹੈ। ਸਟਾਰਲਿੰਕ 40 ਤੋਂ ਵੱਧ ਦੇਸ਼ਾਂ ਨੂੰ ਇੰਟਰਨੈਟ ਸੇਵਾ ਪ੍ਰਦਾਨ ਕਰਦਾ ਹੈ। ਸਪੇਸਐਕਸ ਨੇ ਸਟਾਰਲਿੰਕ ਸੈਟੇਲਾਈਟ ਨੂੰ 2019 ਵਿੱਚ ਲਾਂਚ ਕਰਨਾ ਸ਼ੁਰੂ ਕੀਤਾ ਸੀ। ਕਰੀਬ 8 ਮਹੀਨੇ ਪਹਿਲਾਂ ਜਦੋਂ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਈ ਸੀ ਤਾਂ ਐਲਨ ਮਸਕ ਨੇ ਯੂਕਰੇਨ ਦੀ ਫੌਜ ਅਤੇ ਰਾਸ਼ਟਰਪਤੀ ਜ਼ੇਲੇਂਸਕੀ ਦੇ ਸਹਿਯੋਗ ਨਾਲ ਉਥੇ ਸਟਾਰਲਿੰਕ ਦੀ ਇੰਟਰਨੈੱਟ ਸੇਵਾ ਸ਼ੁਰੂ ਕੀਤੀ ਸੀ। ਮਸਕ ਦੇ ਸਟਾਰਲਿੰਕ ਦੀ ਬਦੌਲਤ ਹੀ ਯੂਕਰੇਨ ਆਪਣੀ ਸਥਿਤੀ ਪੂਰੀ ਦੁਨੀਆ ਨੂੰ ਦੱਸ ਸਕਿਆ ਹੈ। ਜੇ ਮਸਕ ਇਹ ਇੰਟਰਨੈੱਟ ਸੇਵਾ ਦੇਣ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਇਹ ਯੂਕਰੇਨ ਲਈ ਹੋਰ ਮੁਸੀਬਤ ਪੈਦਾ ਕਰ ਸਕਦਾ ਹੈ।