30 ਕਰੋੜ ਡਾਲਰ ਦੀ ਕੋਕੀਨ ਨਿਊਜੀਲੈਂਡ ਸਮੁੰਦਰ ‘ਚ ਤੈਰਦੀ ਪੁਲਿਸ ਨੇ ਕੀਤੀ ਬਰਾਮਦ

ਵੈਲਿੰਗਟਨ, 8 ਫਰਵਰੀ : ਨਿਊਜ਼ੀਲੈਂਡ ਵਿੱਚ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਸਮੁੰਦਰ ‘ਤੇ ਤੈਰ ਰਹੀ 3.2 ਟਨ ਕੋਕੀਨ ਬਰਾਮਦ ਕੀਤੀ, ਜਿਸਦੀ ਕੀਮਤ 30 ਕਰੋੜ ਡਾਲਰ ਹੈ । ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਕੋਕੀਨ ਦੇ ਲਗਭਗ 19 ਬੰਡਲ ਜ਼ਬਤ ਕੀਤੇ ਹਨ । ਪੁਲਿਸ ਨੇ ਕਿਹਾ ਕਿ ਉਸਨੇ ਨਿਊਜ਼ੀਲੈਂਡ ਕਸਟਮ ਸਰਵਿਸ ਅਤੇ ਨਿਊਜ਼ੀਲੈਂਡ ਡਿਫੈਂਸ ਫੋਰਸ ਦੇ ਨਾਲ ਇੱਕ ਸਾਂਝੇ ਆਪਰੇਸ਼ਨ ਵਿੱਚ ਪ੍ਰਸ਼ਾਂਤ ਮਹਾਸਾਗਰ ਤੋਂ ਨਸ਼ੀਲੇ ਪਦਾਰਥਾਂ ਨੂੰ ਇਕੱਠਾ ਕੀਤਾ। ਪੁਲਿਸ ਵੱਲੋਂ ਬਰਾਮਦ ਕੀਤੀ ਗਈ ਕੋਕੀਨ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਹਨ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ। ਰੋਡਨੀ ਅਤੇ ਵੈਸਟ ਆਕਲੈਂਡ ਪੁਲਿਸ ਨਾਰਥ ਕੋਸਟ ਦੇ ਡਿਟੈਕਟਿਵ ਇੰਸਪੈਕਟਰ ਕੋਲਿਨ ਪਰਮੈਂਟਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੁਲਿਸ ਨੇ ਲਗਭਗ 19 ਬੰਡਲਾਂ ਨੂੰ ਦੇਖਿਆ ਅਤੇ ਇਨ੍ਹਾਂ ਦੀ ਜਾਂਚ ਕਰਨ ‘ਤੇ ਇਨ੍ਹਾਂ ਵਿੱਚੋਂ ਕੋਕੀਨ ਦੀ ਮੌਜੂਦਗੀ ਦੀ ਪੁਸ਼ਟੀ ਹੋਈ। ਪੁਲਿਸ ਕਮਿਸ਼ਨਰ ਐਂਡਰਿਊ ਕੋਸਟਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਇਸ ਦੇਸ਼ ਵਿੱਚ ਅਧਿਕਾਰੀਆਂ ਦੁਆਰਾ ਜ਼ਬਤ ਕੀਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਖੇਪ ਹੈ। ਨਿਊਜ਼ੀਲੈਂਡ ਕਸਟਮ ਸਰਵਿਸ ਦੇ ਐਕਟਿੰਗ ਕੰਪਟਰੋਲਰ ਬਿਲ ਪੈਰੀ ਦੇ ਅਨੁਸਾਰ ਜ਼ਬਤ ਕੀਤੀ ਕੋਕੀਨ ਦੀ ਕੀਮਤ 500 ਮਿਲੀਅਨ ਨਿਊਜ਼ੀਲੈਂਡ ਡਾਲਰ (320 ਮਿਲੀਅਨ ਡਾਲਰ) ਹੈ। ਪੁਲਿਸ ਹੈਲੀਕਾਪਟਰਾਂ ਅਤੇ ਗਸ਼ਤੀ ਕਿਸ਼ਤੀਆਂ ਦੀ ਮਦਦ ਨਾਲ ਬੀਚ ਅਤੇ ਇਸਦੇ ਆਸਪਾਸ ਦੇ ਖੇਤਰਾਂ ਦੀ ਖੋਜ ਕਰ ਰਹੀ ਹੈਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਬੰਡਲ ਕਿੱਥੋਂ ਆਏ ਸਨ।