ਹੋਣਹਾਰ ਵਿਦਿਆਰਥੀਆਂ ਨੂੰ ਬਸੰਤ ਮੋਟਰਜ਼ ਵੱਲੋਂ ਸਕਾਲਰਸ਼ਿਪ ਪ੍ਰਦਾਨ

ਕੈਨੇਡਾ: ਬਸੰਤ ਮੋਟਰਜ਼ ਵੱਲੋਂ ਆਪਣੀ 31ਵੀਂ ਵਰ੍ਹੇਗੰਢ ਮੌਕੇ ਹੋਣਹਾਰ ਸਕੂਲੀ ਵਿਦਿਆਰਥੀਆਂ ਨੂੰ 31,000 ਡਾਲਰ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ। ਬਸੰਤ ਮੋਟਰਜ਼ ਦੇ ਵਿਹੜੇ ਵਿਚ ਕਰਵਾਏ ਗਏ ਇਕ ਸਮਾਗਮ ਦੌਰਾਨ ਬਸੰਤ ਮੋਟਰਜ਼ ਦੇ ਪ੍ਰੈਜੀਡੈਂਟ ਬਲਦੇਵ ਸਿੰਘ ਬਾਠ ਨੇ ਆਏ ਮਹਿਮਾਨਾਂ ਅਤੇ ਉਚੇਰੀ ਵਿਦਿਆ ਲਈ ਵਜ਼ੀਫੇ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਸਵਾਗਤ ਕੀਤਾ। ਉਨ੍ਹਾਂ ਸਮਾਜ ਸੇਵਾ ਲਈ ਆਰੰਭੇ ਗਏ ਇਸ ਕਾਰਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਹੋਣਹਾਰ ਬੱਚਿਆਂ ਦੀ ਚੋਣ ਵਿਦਿਅਕ ਮਾਹਿਰਾਂ ਦੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹੋਣਹਾਰ ਬੱਚਿਆਂ ਨੂੰ ਉਚੇਰੀ ਸਿਖਿਆ ਲਈ ਵਜ਼ੀਫੇ ਦੇ ਕੇ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ। ਉਨ੍ਹਾਂ ਚੰਗੇਰੇ ਤੇ ਅਗਾਂਵਧੂ ਸਮਾਜ ਲਈ ਇਹਨਾਂ ਬੱਚਿਆਂ ਦੇ ਉਜਲ ਭਵਿੱਖ ਦੀ ਕਾਮਨਾ ਕੀਤੀ। ਉਹਨਾਂ ਬਸੰਤ ਮੋਟਰਜ਼ ਵੱਲੋਂ ਸ਼ੁਰੂ ਕੀਤੇ ਇਸ ਕਾਰਜ ਨੂੰ ਜਾਰੀ ਰੱਖਣ ਵਿਚ ਸਰੀ ਨਿਵਾਸੀਆਂ ਅਤੇ ਭਾਈਚਾਰੇ ਦੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸਕਾਲਰਸ਼ਿਪ ਲਈ ਚੁਣੇ ਗਏ ਵੱਖ ਵੱਖ ਸਕੂਲਾਂ ਦੇ 15 ਵਿਦਿਆਰਥੀਆਂ ਨੂੰ ਬਲਦੇਵ ਸਿੰਘ ਬਾਠ, ਡਾ. ਮਨਦੀਪ ਰਾਏ, ਪ੍ਰੋ. ਅਵਤਾਰ ਵਿਰਦੀ ਅਤੇ ਹੋਰ ਵਿਦਵਾਨਾਂ ਨੇ ਸਕਾਲਰਸ਼ਿਪ ਦੇ ਮਾਣ-ਪੱਤਰ ਪ੍ਰਦਾਨ ਕੀਤੇ ਅਤੇ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਬਸੰਤ ਮੋਟਰਜ਼ ਵੱਲੋਂ ਪਿਛਲੇ ਛੇ ਸਾਲਾਂ ਤੋਂ ਹਰ ਸਾਲ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ਜਾ ਰਹੀ ਹੈ। ਇਸ ਸਮਾਗਮ ਵਿਚ ਸੁਰਜੀਤ ਸਿੰਘ ਬਾਠ, ਡਾ. ਪ੍ਰਿਤਪਾਲ ਸਿੰਘ ਸੋਹੀ, ਰਵਿੰਦਰ (ਰਵੀ) ਚੀਮਾ, ਪ੍ਰੋ ਹਰਿੰਦਰ ਕੌਰ ਸੋਹੀ,  ਇੰਦਰਜੀਤ ਸਿੰਘ ਬੈਂਸ, ਜਤਿੰਦਰ ਜੇ ਮਿਨਹਾਸ, ਰੂਬੀ ਸਹੋਤਾ, ਰਾਜਿੰਦਰ ਸਿੰਘ ਪੰਧੇਰ, ਹਰਪ੍ਰੀਤ ਸਿੰਘ, ਅਮਰ ਢਿੱਲੋਂ, ਵਿਨੇ ਸ਼ਰਮਾ, ਹਰਦਮ ਮਾਨ ਅਤੇ ਹੋਰ ਕਈ ਪਤਵੰਤੇ ਸ਼ਾਮਲ ਸਨ।