ਅਮਰੀਕਾ 'ਚ ਫੁੱਟਬਾਲ ਟੀਮ ਡੱਲਾਸ ਕਾਉਬੌਏਜ਼ ਨੇ ਆਪਣੀ ਜਰਸੀ 'ਤੇ ਸਿੱਖ ਯੋਧੇ ਹਰੀ ਸਿੰਘ ਨਲੂਆ ਦੀ ਲਗਾਈ  ਤਸਵੀਰ 

ਵਾਸਿੰਗਟਨ, 8 ਸਤੰਬਰ : ਅਮਰੀਕਾ 'ਚ ਨੈਸ਼ਨਲ ਫੁੱਟਬਾਲ ਲੀਗ (ਐੱਨ.ਐੱਫ.ਐੱਲ.) 'ਚ ਹਿੱਸਾ ਲੈ ਰਹੀ ਮਸ਼ਹੂਰ ਫੁੱਟਬਾਲ ਟੀਮ ਡੱਲਾਸ ਕਾਉਬੌਏਜ਼ ਨੇ ਆਪਣੀ ਜਰਸੀ 'ਤੇ ਸਿੱਖ ਯੋਧੇ ਜਰਨੈਲ ਹਰੀ ਸਿੰਘ ਨਲੂਆ ਦੀ ਤਸਵੀਰ ਲਗਾਈ ਹੈ। ਇਸ ਤੋਂ ਇਲਾਵਾ ਟੀਮ ਦੇ ਥੀਮ ਵਾਲੇ ਪੋਸਟਰ ਵਿੱਚ ਵੀ ਤਸਵੀਰ ਦਿਖਾਈ ਗਈ ਹੈ। ਜਿੱਤ ਪ੍ਰਾਪਤ ਕਰਨ ਅਤੇ ਸਾਰੀਆਂ ਚੁਣੌਤੀਆਂ ਨੂੰ ਜਿੱਤਣ ਦੇ ਸੰਦਰਭ ਵਿੱਚ ਇਸ ਟੀਮ ਨੇ ਇੱਕ ਥੀਮ ਵੀ ਅਪਣਾਇਆ ਹੈ, 'ਕਾਰਪ ਓਮਨੀਆ' ਜਿਸਦਾ ਅਰਥ ਹੈ-'ਇਹ ਸਭ ਜਿੱਤੋ' ਜਾਂ 'ਸਭ ਕੁਝ ਜ਼ਬਤ ਕਰੋ' ਸ਼ੋਸ਼ਲ ਮੀਡੀਆ 'ਤੇ ਪੰਜਾਬ ਵਾਸੀ ਪੂਰੇ ਉਤਸ਼ਾਹ ਨਾਲ ਜਰਨੈਲ ਹਰੀ ਸਿੰਘ ਨਲੂਆ ਸਮੇਤ ਅਥਲੀਟਾਂ ਦੀਆਂ ਹੁੱਡੀਆਂ ਵਾਲੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ ਅਤੇ ਜ਼ਾਹਿਰ ਕਰ ਰਹੇ ਹਨ ਕਿ ਅਮਰੀਕਾ ਦੀ ਮਸ਼ਹੂਰ ਫੁੱਟਬਾਲ ਟੀਮ ਮਹਾਨ ਸਿੱਖ ਯੋਧੇ ਜਰਨੈਲ ਹਰੀ ਸਿੰਘ ਨਲੂਆ ਤੋਂ ਪ੍ਰੇਰਨਾ ਲੈ ਰਹੀ ਹੈ। ਜਰਨੈਲ ਹਰੀ ਸਿੰਘ ਨਲੂਆ 19ਵੀਂ ਸਦੀ ਦੇ ਸ਼ੁਰੂ ਵਿੱਚ ਸਿੱਖ ਸਾਮਰਾਜ ਵਿੱਚ ਇੱਕ ਪ੍ਰਮੁੱਖ ਸਿੱਖ ਫੌਜੀ ਕਮਾਂਡਰ ਅਤੇ ਰਾਜਨੇਤਾ ਸੀ। ਉਨ੍ਹਾਂ ਨੇ ਸਿੱਖ ਸਾਮਰਾਜ ਦੇ ਖੇਤਰਾਂ ਦਾ ਵਿਸਥਾਰ ਕਰਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਪ੍ਰਸ਼ਾਸਨਿਕ ਹੁਨਰ ਲਈ ਜਾਣਿਆ ਜਾਂਦਾ ਸੀ। ਜਰਨੈਲ ਹਰੀ ਸਿੰਘ ਨਲੂਆ ਦਾ ਜਨਮ 1791 ਵਿੱਚ ਹੋਇਆ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਸਿੱਖ ਸਾਮਰਾਜ ਦੀ ਫੌਜ ਦੇ ਕਮਾਂਡਰ ਹੋਣ ਦਾ ਮਾਣਮੱਤਾ ਅਹੁਦਾ ਸੰਭਾਲਦੇ ਸਨ। ਉਨ੍ਹਾਂ ਨੇ ਅਫ਼ਗਾਨਿਸਤਾਨ ਵਿੱਚ ਗੜਬੜ ਵਾਲੀਆਂ ਤਾਕਤਾਂ ਨੂੰ ਕਾਬੂ ਕਰਨ ਦੀ ਆਪਣੀ ਯੋਗਤਾ ਲਈ ਸਭ ਤੋਂ ਸ਼ਕਤੀਸ਼ਾਲੀ ਸਿੱਖ ਯੋਧੇ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ। ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ- ਕਸ਼ਮੀਰ ਵਿੱਚ ਲਿਖਦੇ ਹਨ ਕਿ ਨਲੂਆ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲੂਆ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲੂਆ ਮਸ਼ਹੂਰ ਹੂਆ। ਇਸੇ ਤਰ੍ਹਾਂ ਮਿਸਟਰ ਐਂਨ. ਕੇ. ਸਿਨਹਾ ਆਪਣੀ ਲਿਖਤ ਤਾਰੀਖ਼ ਵਿੱਚ ਲਿਖਦੇ ਹਨ ਕਿ ਸਰਦਾਰ ਹਰੀ ਸਿੰਘ ਦੇ ਨਾਮ ਨਾਲ ਨਲੂਆ ਉਂਪ ਨਾਮ ਇਸ ਲਈ ਪ੍ਰਸਿੱਧ ਹੋ ਗਿਆ ਕਿ ਉਸ ਨੇ ਸ਼ੇਰ ਦੇ ਸਿਰ ਨੂੰ ਹੱਥਾਂ ਨਾਲ ਮਰੋੜ ਕੇ ਮਾਰ ਸੁੱਟਿਆ ਸੀ।