ਕੈਨੇਡੀਆਈ ਡਿਪਲੋਮੈਟਾ ’ਤੇ ਭਾਰਤ ਸਰਕਾਰ ਦੀ ਕਾਰਵਾਈ ਨਾਲ ਵਿਸ਼ਵ ਦੇ ਸਾਰੇ ਦੇਸ਼ਾਂ ਨੂੰ ਚਿੰਤਤ ਹੋਣਾ ਚਾਹੀਦਾ ਹੈ : ਟਰੂਡੋ

ਬਰੈਂਪਟਨ, 21 ਅਕਤੂਬਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਕੱਲ੍ਹ ਕਿਹਾ ਕਿ 41 ਕੈਨੇਡੀਆਈ ਡਿਪਲੋਮੈਟਾਂ ਦੀ ਡਿਪਲੋਮੇਸੀ ਛੋਟ ਰੱਦ ਕਰ ਕੇ ਭਾਰਤ ਸਰਕਾਰ ਭਾਰਤ ਅਤੇ ਕੈਨੇਡਾ ਵਿਚ ਲੱਖਾਂ ਲੋਕਾਂ ਦੇ ਲਈ ਜ਼ਿੰਦਗੀ ਨੂੰ ਆਮ ਤੌਰ ’ਤੇ ਜਾਰੀ ਰੱਖਣਾ ਔਖਾ ਬਣਾ ਰਹੀ ਹੈ ਅਤੇ ਉਹ ਕੂਟਨੀਤੀ ਦੇ ਬਹੁਤ ਹੀ ਬੁਨਿਆਦੀ ਸਿਧਾਂਤ ਦੀ ਉਲੰਘਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਲੱਖਾਂ ਕੈਨੇਡੀਆਈ ਲੋਕਾਂ ਲਈ ਬਹੁਤ ਪਰੇਸ਼ਾਨ ਹਨ ਜੋ ਭਾਰਤੀ ਉਪ ਮਹਾਦੀਪ ਨਾਲ ਸਬੰਧਤ ਹਨ। ਉਨ੍ਹਾਂ ਦਾ ਸੰਕੇਤ ਖਾਸ ਕਰ ਕੇ ਕੈਨੇਡਾ ਵਿਚ ਵਸੇ ਲੱਖਾਂ ਪੰਜਾਬੀਆਂ ਵੱਲ ਹੈ। ਬ੍ਰੈਂਪਟਨ ਵਿਚ ਇਕ ਪ੍ਰੈੱਸ ਕਾਨਫ਼ਰੰਸ ਵਿਚ ਟਰੂਡੋ ਨੇ ਕਿਹਾ ਕਿ ਕੈਨੇਡੀਆਈ ਡਿਪਲੋਮੈਟਾ ’ਤੇ ਭਾਰਤ ਸਰਕਾਰ ਦੀ ਕਾਰਵਾਈ ਨਾਲ ਵਿਸ਼ਵ ਦੇ ਸਾਰੇ ਦੇਸ਼ਾਂ ਨੂੰ ਚਿੰਤਤ ਹੋਣਾ ਚਾਹੀਦਾ ਹੈ। ਟਰੂਡੋ ਦੀ ਇਹ ਟਿੱਪਣੀ ਉਸ ਤੋਂ ਮਗਰੋਂ ਆਈ ਜਦੋਂ ਉਸ ਨੇ ਆਪਣੇ 41 ਡਿਪਲੋਮੈਟਾਂ ਦਾ ਦਰਜਾ ਰੱਦ ਕਰਨ ਦੇ ਭਾਰਤੀ ਬਿਆਨ ਦੇ ਬਾਅਦ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ 42 ਆਸ਼ਰਿਤਾਂ ਨੂੰ ਭਾਰਤ ਤੋਂ ਵਾਪਸ ਬੁਲਾ ਲਿਆ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕੱਲ੍ਹ ਕਿਹਾ ਸੀ ਕਿ ਮੈਂ ਪੁਸ਼ਟੀ ਕਰ ਸਕਦੀ ਹਾਂ ਕਿ ਭਾਰਤ ਨੇ ਕੱਲ 20 ਅਕਤੂਬਰ ਤਕ ਦਿੱਲੀ ਵਿਚ 21 ਕੈਨੇਡੀਆਈ ਡਿਪਲੋਮੈਟਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਛੱਡ ਕੇ ਸਾਰਿਆਂ ਲਈ ਅਨੈਤਿਕ ਤੌਰ ’ਤੇ ਡਿਪਲੋਮੈਟਿਕ ਪ੍ਰਤੀ ਰੱਖਿਆ ਹਟਾਉਣ ਦੀ ਆਪਣੀ ਯੋਜਨਾ ਗੈਰ-ਰਸਮੀ ਤੌਰ ’ਤੇ ਦੱਸ ਦਿੱਤੀ। ਇਸ ਦਾ ਭਾਵ ਇਹ ਹੈ ਕਿ 41 ਕੈਨੇਡੀਆਈ ਡਿਪਲੋਮੈਟਾਂ ਅਤੇ ਉਨ੍ਹਾਂ ਦੇ 42 ਆਸ਼ਰਿਤਾਂ ’ਤੇ ਖਤਰਾ ਮੰਡਰਾ ਰਿਹਾ ਸੀ । ਇਕ ਮਨਮਾਨੀ ਮਿਤੀ ’ਤੇ ਛੋਟ ਖੋਹ ਲਈ ਗਈ। ਉਨ੍ਹਾਂ ਸਾਰਿਆਂ ਦੀ ਨਿੱਜੀ ਸੁਰੱਖਿਆ ਖਤਰੇ ਵਿਚ ਪੈ ਗਈ। ਉਨ੍ਹਾਂ ਨੇ ਭਾਰਤ ਸਰਕਾਰ ’ਤੇ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ।


ਕੈਨੇਡੀਅਨ ਡਿਪਲੋਮੈਟਾਂ ਦੇ ਭਾਰਤ ਛੱਡਣ 'ਤੇ ਅਮਰੀਕਾ ਤੇ ਯੂਕੇ ਨੇ ਚਿੰਤਾ ਕੀਤੀ ਜ਼ਾਹਰ 
ਅਮਰੀਕਾ ਤੇ ਯੂਕੇ ਨੇ ਕੈਨੇਡੀਅਨ ਡਿਪਲੋਮੈਟਾਂ ਦੇ ਭਾਰਤ ਛੱਡਣ 'ਤੇ ਚਿੰਤਾ ਜ਼ਾਹਰ ਕੀਤੀ ਹੈ। ਇਸ ਹਫ਼ਤੇ ਦੇ ਸ਼ੁਰੂ ਵਿਚ ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਵਿਵਾਦ ਦੇ ਵਿਚਕਾਰ ਓਟਾਵਾ ਨੇ ਭਾਰਤ ਤੋਂ 41 ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਸੀ। ਇਸ ਤੋਂ ਬਾਅਦ, ਅਮਰੀਕੀ ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਭਾਰਤ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿਚ ਆਪਣੀ ਕੂਟਨੀਤਕ ਮੌਜੂਦਗੀ ਨੂੰ ਘਟਾਉਣ ਲਈ ਕੈਨੇਡਾ 'ਤੇ ਜ਼ੋਰ ਨਾ ਦੇਵੇ। ਇਕ ਰਿਪੋਰਟ ਮੁਤਾਬਕ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ, ''ਭਾਰਤ 'ਚ ਆਪਣੀ ਡਿਪਲੋਮੈਟਿਕ ਮੌਜੂਦਗੀ ਨੂੰ ਕਾਫ਼ੀ ਘੱਟ ਕਰਨ ਦੀ ਕੈਨੇਡਾ ਸਰਕਾਰ ਦੀ ਮੰਗ ਦੇ ਜਵਾਬ 'ਚ ਅਸੀਂ ਭਾਰਤ ਤੋਂ ਕੈਨੇਡੀਅਨ ਡਿਪਲੋਮੈਟਾਂ ਦੇ ਜਾਣ ਤੋਂ ਚਿੰਤਤ ਹਾਂ।'' ਇਸ ਸਾਲ ਜੂਨ 'ਚ ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਹੋਣ ਦਾ ਦੋਸ਼ ਹੈ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ। ਭਾਰਤ ਨੇ ਸ਼ੁੱਕਰਵਾਰ ਨੂੰ 41 ਕੈਨੇਡੀਅਨ ਡਿਪਲੋਮੈਟਾਂ ਦੀ ਦੇਸ਼ ਤੋਂ ਵਾਪਸੀ ਨੂੰ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਵਜੋਂ 'ਚਿਤਰਣ' ਕਰਨ ਦੀਆਂ ਕੈਨੇਡਾ ਦੀਆਂ ਕੋਸ਼ਿਸ਼ਾਂ ਨੂੰ ਰੱਦ ਕਰ ਦਿੱਤਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋ-ਪੱਖੀ ਕੂਟਨੀਤਕ ਸਮਾਨਤਾ ਨੂੰ ਯਕੀਨੀ ਬਣਾਉਣਾ ਪੂਰੀ ਤਰ੍ਹਾਂ ਡਿਪਲੋਮੈਟਿਕ ਰਿਲੇਸ਼ਨਜ਼ 'ਤੇ ਵਿਏਨਾ ਕਨਵੈਨਸ਼ਨ ਦੇ ਉਪਬੰਧਾਂ ਦੇ ਮੁਤਾਬਕ ਹੈ। ਭਾਰਤ ਦੀ ਇਹ ਟਿੱਪਣੀ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਵੱਲੋਂ ਭਾਰਤ ਤੋਂ ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦੇ ਐਲਾਨ ਤੋਂ ਬਾਅਦ ਆਈ ਹੈ, ਜਿਸ ਵਿੱਚ ਉਨ੍ਹਾਂ ਨੇ ਨਵੀਂ ਦਿੱਲੀ ਦੀ ਕਾਰਵਾਈ ਨੂੰ 'ਅੰਤਰਰਾਸ਼ਟਰੀ ਕਾਨੂੰਨ ਦੇ ਉਲਟ' ਅਤੇ ਡਿਪਲੋਮੈਟਿਕ ਰਿਲੇਸ਼ਨਜ਼ 'ਤੇ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਦੱਸਿਆ ਹੈ।