ਚੀਨ ’ਚ ਭੂਚਾਲ ਤੋਂ ਬਾਅਦ ਬੇਘਰ ਹੋਏ 87 ਹਜ਼ਾਰ ਲੋਕਾਂ ਨੂੰ ਰਹਿਣਾ ਪੈ ਰਿਹਾ ਟੈਂਟਾਂ ’ਚ, ਹੁਣ ਤੱਕ 137 ਮੌਤਾਂ 

ਬੀਜਿੰਗ, 22 ਦਸੰਬਰ : ਚੀਨ ’ਚ ਸੋਮਵਾਰ ਰਾਤ ਨੂੂੰ ਆਏ ਭੂਚਾਲ ਤੋਂ ਬਾਅਦ ਬੇਘਰ ਹੋਏ 87 ਹਜ਼ਾਰ ਤੋਂ ਜ਼ਿਆਦਾ ਭੂਚਾਲ ਪੀੜਤਾਂ ਨੂੰ ਮਨਫ਼ੀ 15 ਡਿਗਰੀ ਦੀ ਜਮਾਉਣ ਵਾਲੀ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਿਆਨਕਿਆਂਗ ਬੁੱਧਵਾਰ ਰਾਤ ਨੂੰ ਹੱਡ ਠਾਰਦੀ ਰਾਤ ਦੇ ਹਨੇਰੇ ’ਚ ਟੈਂਟ ’ਚ ਪਤਨੀ ਦੀ ਲਾਸ਼ ਕੋਲ ਖੜ੍ਹਾ ਹੋ ਕੇ ਰੋ ਰਿਹਾ ਸੀ। ਲਿਆਨਕਿਆਂਗ ਦੀ ਪਤਨੀ ਦੀ ਮਲਬੇ ’ਚ ਦਬ ਕੇ ਮੌਤ ਹੋ ਗਈ ਹੈ। ਉਹ ਮੰਗਲਵਾਰ ਰਾਤ ਤੋਂ ਟੈਂਟ ’ਚ ਰਹਿ ਰਿਹਾ ਹੈ ਤੇ ਬਹੁਤ ਜ਼ਿਆਦਾ ਠੰਢ ਕਾਰਨ ਬਿਮਾਰ ਹੋ ਗਿਆ ਹੈ। ਸਿਰਫ਼ ਲਿਆਨਕਿਆਂਗ ਹੀ ਨਹੀਂ ਸਗੋਂ ਹਜ਼ਾਰਾਂ ਲੋਕ ਅਸਹਿ ਠੰਢ ’ਚ ਟੈਂਟ ’ਚ ਰਹਿ ਰਹੇ ਹਨ। ਆਫ਼ਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਗਾਂਸੂ ’ਚ 15 ਹਜ਼ਾਰ ਘਰ ਢਹਿ ਗਏ ਤੇ ਦੋ ਲੱਖ ਤੋਂ ਜ਼ਿਆਦਾ ਘਰ ਨੁਕਸਾਨੇ ਗਏ। ਹੁਣ ਤੱਕ 137 ਮੌਤਾਂ ਹੋ ਚੁੱਕੀਆਂ ਹਨ। ਇਕ ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖ਼ਮੀ ਹਨ। 87 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਅਸਥਾਈ ਟੈਂਟਾਂ ’ਚ ਰੱਖਿਆ ਗਿਆ ਹੈ। ਬੁੱਧਵਾਰ ਰਾਤ ਗਾਂਸੂ ਸੂਬੇ ’ਚ ਤਾਪਮਾਨ ਸਿਫ਼ਰ ਤੋਂ 15 ਡਿਗਰੀ ਹੇਠਾਂ ਸੀ। ਯਾਂਗਵਾ ਦੇ ਅਸਥਾਈ ਟੈਂਟ ’ਚ ਰਹਿ ਰਹੇ ਭੂਚਾਲ ਪੀੜਤਾਂ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਪਰੇਸ਼ਾਨੀ ਭੋਜਨ ਦੀ ਹੋ ਰਹੀ ਹੈ। ਨੂਡਲਜ਼ ਖਾ ਕੇ ਰਾਤ ਬਿਤਾਉਣੀ ਪੈ ਰਹੀ ਹੈ। ਠੰਢ ’ਚ ਗਰਮ ਰਹਿਣ ਲਈ ਲੋੜੀਂਦਾ ਭੋਜਨ ਨਹੀਂ ਮਿਲ ਰਿਹਾ।