ਮੈਨੀਟੋਬਾ ਸੂਬਾਈ ਚੋਣਾਂ 'ਚ ਪੰਜਾਬੀ ਮੂਲ ਦੇ 9 ਉਮੀਦਵਾਰ ਮੈਦਾਨ, 3 ਅਕਤੂਬਰ ਪੈਣਗੀਆਂ ਵੋਟਾਂ 

ਮੈਨੀਟੋਬਾ, 15 ਸਤੰਬਰ : ਕੈਨੇਡਾ ਵਿਚ ਮੈਨੀਟੋਬਾ ਸੂਬਾਈ ਚੋਣਾਂ ਲਈ ਪੰਜਾਬੀ ਮੂਲ ਦੇ 9 ਉਮੀਦਵਾਰ ਮੈਦਾਨ ਵਿਚ ਹਨ। ਸੂਬੇ ਵਿਚ 3 ਅਕਤੂਬਰ ਨੂੰ ਸਾਰੇ 57 ਹਲਕਿਆਂ ਲਈ ਵੋਟਾਂ ਪੈਣੀਆਂ ਹਨ। ਇਸ ਦੌਰਾਨ ਮੁੱਖ ਮੁਕਾਬਲਾ ਦੋ ਵੱਡੀਆਂ ਸਿਆਸੀ ਪਾਰਟੀਆਂ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਅਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ (ਪੀ.ਸੀ.) ਵਿਚ ਹੈ। ਇਨ੍ਹਾਂ ਪਾਰਟੀਆਂ ਨੇ ਦੱਖਣੀ ਏਸ਼ੀਆਈ ਦੇ ਨਾਲ-ਨਾਲ ਪੰਜਾਬੀਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ (ਪੀ.ਸੀ.) ਨੇ ਬੁਰੋਜ਼ ਤੋਂ ਨਵਰਾਜ਼ ਬਰਾੜ, ਦ ਮੈਪਲਜ਼ ਤੋਂ ਸੁਮਿਤ ਚਾਵਲਾ, ਸੇਂਟ ਬੋਨੀਫੇਸ ਤੋਂ ਕੀਰਤ ਹੇਅਰ ਅਤੇ ਫੋਰਟ ਰਿਚਮੰਡ ਤੋਂ ਪਰਮਜੀਤ ਸ਼ਾਹੀ ਨੂੰ ਮੈਦਾਨ ਵਿਚ ਉਤਾਰਿਆ ਹੈ। ਜਦਕਿ ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਨੇ ਬੁਰੋਜ਼ ਤੋਂ ਮੌਜੂਦਾ ਵਿਧਾਇਕ ਦਿਲਜੀਤ ਬਰਾੜ, ਮੈਕ ਫਿਲਿਪਸ ਤੋਂ ਜਸਦੀਪ ਦੇਵਗਨ ਅਤੇ ਦ ਮੈਪਲਜ਼ ਤੋਂ ਮੌਜੂਦਾ ਵਿਧਾਇਕ ਮਿੰਟੂ ਸੰਧੂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਇਕ ਹੋਰ ਪੰਜਾਬੀ ਮਨਜੀਤ ਕੌਰ ਗਿੱਲ ਗਰੀਨ ਪਾਰਟੀ ਦੀ ਟਿਕਟ 'ਤੇ ਵੇਵਰਲੇ ਤੋਂ ਚੋਣ ਲੜ ਰਹੀ ਹੈ ਅਤੇ ਅਮਰਜੀਤ ਸਿੰਘ ਸਾਊਥਡੇਲ ਤੋਂ ਆਜ਼ਾਦ ਚੋਣ ਲੜ ਰਹੇ ਹਨ। 2019 ਦੀਆਂ ਵਿਧਾਨ ਸਭਾ ਚੋਣਾਂ ਵਿਚ, ਕੈਨੇਡਾ ਦੇ ਮੈਨੀਟੋਬਾ ਵਿਚ ਦੋ ਪੰਜਾਬੀਆਂ- ਦਲਜੀਤ ਬਰਾੜ ਅਤੇ ਮਿੰਟੂ ਸੰਧੂ ਨੇ ਚੋਣ ਜਿੱਤੀ ਸੀ। ਮੁਕਤਸਰ ਜ਼ਿਲ੍ਹੇ ਦੇ ਪਿੰਡ ਭੰਗਚੜੀ ਦੇ ਰਹਿਣ ਵਾਲੇ ਦਿਲਜੀਤ ਬਰਾੜ ਸਿੱਖਿਆ ਸ਼ਾਸਤਰੀ ਪ੍ਰਵਾਰ ਨਾਲ ਸਬੰਧਤ ਹਨ। ਦਿਲਜੀਤ ਅਪਣੀ ਪਤਨੀ ਨਵਨੀਤ ਕੌਰ ਨਾਲ 2010 ਵਿਚ ਕੈਨੇਡਾ ਆਏ ਸੀ ਅਤੇ ਵਿਨੀਪੈਗ ਵਿਚ ਸੈਟਲ ਹਨ। ਇਹ ਦੋਵੇਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ 2018 ਤਕ ਮੈਨੀਟੋਬਾ ਖੇਤੀਬਾੜੀ ਵਿਭਾਗ ਵਿਚ ਵੀ ਕੰਮ ਕੀਤਾ। ਮਿੰਟੂ ਸੰਧੂ 1989 ਵਿਚ 16 ਸਾਲ ਦੀ ਉਮਰ ਵਿਚ ਅਪਣੇ ਮਾਤਾ-ਪਿਤਾ ਨਾਲ ਕੈਨੇਡਾ ਗਏ ਸੀ ਅਤੇ ਪਿਛਲੇ 34 ਸਾਲਾਂ ਤੋਂ ਦ ਮੈਪਲਜ਼ ਵਿਚ ਰਹਿ ਰਹੇ ਹਨ। ਉਹ 18 ਸਾਲਾਂ ਤੋਂ ਅਪਣਾ ਗੈਸ ਸਟੇਸ਼ਨ ਚਲਾ ਰਹੇ ਹਨ। ਮਿੰਟੂ ਨੇ ਮੈਨੀਟੋਬਾ ਵਿਚ ਆਵਾਜਾਈ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਵਿਚ ਮਦਦ ਕਰਨ ਲਈ ਵੀ ਕੰਮ ਕੀਤਾ ਅਤੇ ਮੈਨੀਟੋਬਾ ਇਨਫਰਾਸਟਰਚਰ ਦੇ ਮੋਟਰ ਟਰਾਂਸਪੋਰਟ ਬੋਰਡ ਵਿਚ ਅਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕਈ ਨੌਕਰੀਆਂ ਦੇ ਮੌਕੇ ਪੈਦਾ ਕੀਤੇ।