ਕੈਨੇਡਾ ਤੋਂ ਹੁਣ ਤੱਕ 7032 ਲੋਕ ਹੋਏ ਡਿਪੋਰਟ

ਟੋਰਾਟੋਂ, (ਏਜੰਸੀ) 20 ਦਸੰਬਰ : ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿਚ ਸਖ਼ਤੀ ਦੇ ਚਲਦਿਆਂ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਮਾਈਗ੍ਰੈਂਟ ਰਾਈਟਸ ਨੈੱਟਵਰਕ ਵਲੋਂ ਪਿਛਲੇ ਹਫ਼ਤੇ ਜਾਰੀ ਕੀਤੇ ਅੰਕੜੇ ਦਰਸਾਉਂਦੇ ਹਨ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ 2021 ਦੇ ਹੁਕਮ ਪੱਤਰ ਵਿਚ ਰੈਗੂਲਰਾਈਜ਼ੇਸ਼ਨ ਪ੍ਰੋਗਰਾਮ ਦੀ ਮੰਗ ਕਰਨ ਦੇ ਬਾਵਜੂਦ 2023 ਦੇ ਪਹਿਲੇ ਅੱਧ ਵਿਚ ਘੱਟੋ-ਘੱਟ 39 ਲੋਕਾਂ ਨੂੰ ਰੋਜ਼ਾਨਾ ਡਿਪੋਰਟ ਕੀਤਾ ਗਿਆ ਸੀ। ਪ੍ਰਵਾਸੀ ਅਧਿਕਾਰ ਨੈੱਟਵਰਕ ਨੇ ਸੀ.ਬੀ.ਐਸ.ਏ. ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਕੇਵਲ 2023 ’ਚ ਹੀ ਹੁਣ ਤਕ 7032 ਲੋਕ ਕੈਨੇਡਾ ਤੋਂ ਡਿਪੋਰਟ ਕੀਤੇ ਜਾ ਚੁੱਕੇ ਹਨ। ਇਹ ਗਿਣਤੀ 2021 ਅਤੇ 2022 ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਇਸ ਸਾਲ ’ਚ ਅੰਦਾਜ਼ਨ 39 ਲੋਕ ਰੋਜ਼ਾਨਾ ਡਿਪੋਰਟ ਕੀਤੇ ਜਾ ਰਹੇ ਹਨ ਜਦਕਿ 2022 ਅਤੇ 2021 ’ਚ ਰੋਜ਼ਾਨਾ ਡਿਪੋਰਟ ਕੀਤੇ ਜਾਣ ਵਾਲੇ ਲੋਕਾਂ ਦੀ ਗਿਣਤੀ ਕ੍ਰਮਵਾਰ 23 ਅਤੇ 21 ਸੀ। ਉਪਰੋਕਤ ਸੰਸਥਾ ਵਲੋਂ ਸੂਚਨਾ ਦਾ ਅਧਿਕਾਰ ਤਹਿਤ ਸੀ.ਬੀ.ਐਸ.ਏ. ਕੋਲੋਂ ਇਸ ਸਬੰਧੀ ਅੰਕੜੇ ਮੰਗੇ ਗਏ ਸਨ । ਇਸ ਸਬੰਧੀ ਇਕ ਫੈਡਰਲ ਦਸਤਾਵੇਜ਼ ਵੀ ਮੀਡੀਆ ’ਚ ਜਾਰੀ ਕੀਤਾ ਗਿਆ ਹੈ ਜਿਸ ’ਚ ਦਰਸਾਇਆ ਗਿਆ ਕਿ ਕਿੰਨੇ ਲੋਕ ਪਿਛਲੇ ਸਮੇਂ ਦੌਰਾਨ ਡਿਪੋਰਟ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਹਾਲ ’ਚ ਹੀ ਕੈਨੇਡਾ ਦੇ ਫੈਡਰਲ ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਸੀ ਕਿ ਕੈਨੇਡਾ ’ਚ ਲੱਖਾਂ ਲੋਕ ਜੋ ਬਿਨਾਂ ਦਸਤਾਵੇਜਾਂ ਰਹਿ ਰਹੇ ਹਨ ਅਤੇ ਡਿਪੋਰਟੇਸ਼ਨ ਪ੍ਰਕਿਰਿਆ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਨੂੰ ਕੈਨੇਡੀਅਨ ਪੀਆਰ ਅਪਲਾਈ ਕਰਨ ਦਾ ਮੌਕਾ ਦਿਤਾ ਜਾਵੇਗਾ।