ਆਸਟ੍ਰੇਲੀਆ 'ਚ ਦੋ ਪੁਲਿਸ ਅਧਿਕਾਰੀਆਂ ਸਮੇਤ 6 ਲੋਕਾਂ ਦੀ ਗੋਲ਼ੀ ਮਾਰਕੇ ਕੀਤੀ ਹੱਤਿਆ

ਸਿਡਨੀ (ਏਜੰਸੀ) : ਆਸਟ੍ਰੇਲੀਆ ਦੇ ਇਕ ਪੇਂਡੂ ਖੇਤਰ ਵਿੱਚ ਦੋ ਪੁਲਿਸ ਅਧਿਕਾਰੀਆਂ ਸਮੇਤ 6 ਲੋਕਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀ ਇਕ ਵਿਅਕਤੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦੀ ਜਾਂਚ ਲਈ ਮੌਕੇ ’ਤੇ ਪਹੁੰਚੇ ਸਨ, ਉਦੋਂ ਇਹ ਹਮਲਾ ਹੋਇਆ। ਪੁਲਿਸ ਮੁਤਾਬਿਕ ਇਹ ਘਟਨਾ 12 ਦਸੰਬਰ ਦੀ ਸ਼ਾਮ ਕਰੀਬ 4.45 ਵਜੇ ਵਾਪਰੀ। ਚਾਰ ਪੁਲਿਸ ਅਧਿਕਾਰੀ ਕੁਈਨਜ਼ਲੈਂਡ ਰਾਜ ਵਿਚ ਪਹੁੰਚੇ ਸਨ, ਜਦੋਂ ਦੋ ਹਮਲਾਵਰਾਂ ਨੇ ਵਿੰਬਿਲਾ ਦੇ ਇਕ ਪੇਂਡੂ ਖੇਤਰ ਵਿਚ ਅਧਿਕਾਰੀਆਂ ’ਤੇ ਗੋਲ਼ੀਆਂ ਚਲਾ ਦਿੱਤੀਆਂ।

ਘਟਨਾ ਵਾਲੀ ਜਗ੍ਹਾ ਦੀ ਕੀਤੀ ਘੇਰਾਬੰਦੀ
ਪੁਲਿਸ ਮੁਤਾਬਿਕ ਅਧਿਕਾਰੀਆਂ ਵੱਲੋਂ ਕੀਤੀ ਜਵਾਬੀ ਕਾਰਵਾਈ ਦੌਰਾਨ ਦੋ ਅਧਿਕਾਰੀ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਮੌਜੂਦ ਇਕ ਹੋਰ ਵਿਅਕਤੀ ਦੀ ਵੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ। ਕੁਈਨਜ਼ਲੈਂਡ ਦੀ ਪੁਲਿਸ ਕਮਿਸਨਰ ਕੈਟਰੀਨਾ ਕੈਰੋਲ ਨੇ ਮੀਡੀਆ ਨੂੰ ਦੱਸਿਆ ਕਿ ਇਕ ਅਧਿਕਾਰੀ ਗੋਲ਼ੀਬਾਰੀ ਵਿਚ ਬਚ ਗਿਆ ਅਤੇ ਭੱਜਣ ਵਿਚ ਕਾਮਯਾਬ ਰਿਹਾ। ਵਿਸ਼ੇਸ਼ ਪੁਲਿਸ ਅਧਿਕਾਰੀਆਂ ਅਤੇ ਹਵਾਈ ਸੈਨਾ ਦੀ ਮਦਦ ਨਾਲ ਘਟਨਾ ਸਥਾਨ ਨੂੰ ਘੇਰ ਲਿਆ ਗਿਆ ਹੈ।

ਪੁਲਿਸ ਨਾਲ ਇਕ ਹੋਰ ਮੁਕਾਬਲੇ ’ਚ 3 ਲੋਕਾਂ ਦੀ ਮੌਤ
ਪੁਲਿਸ ਨਾਲ ਹੋਏ ਇਸ ਮੁਕਾਬਲੇ ਵਿਚ 2 ਪੁਰਸ਼ਾਂ ਸਮੇਤ ਇਕ ਔਰਤ ਦੀ ਮੌਤ ਹੋ ਗਈ। ਪੁਲਿਸ ਕਮਿਸ਼ਨਰ ਅਨੁਸਾਰ ਪਿਛਲੇ ਸਮੇਂ ਦੌਰਾਨ ਕਿਸੇ ਇਕ ਘਟਨਾ ਵਿਚ ਮਾਰੇ ਜਾਣ ਦੀ ਇਹ ਸਭ ਤੋਂ ਵੱਧ ਗਿਣਤੀ ਹੈ। ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ, ‘ਵਿੰਬਿਲਾ ’ਚ ਭਿਆਨਕ ਦਿ੍ਰਸ਼। ਕੁਈਨਜ਼ਲੈਂਡ ਪੁਲਿਸ ਅਧਿਕਾਰੀਆਂ ਦੇ ਪਰਿਵਾਰਾਂ ਅਤੇ ਦੋਸਤਾਂ ਲਈ ਇਕ ਦਿਲ ਦਹਿਲਾਉਣ ਵਾਲਾ ਦਿਨ ਜਿਨ੍ਹਾਂ ਨੇ ਡਿਊਟੀ ਦੌਰਾਨ ਆਪਣੀ ਜਾਨ ਗਵਾਈ। ਅਲਬਾਨੀਜ਼ ਨੇ ਟਵੀਟ ਕੀਤਾ, ‘ਮੇਰੀ ਸੰਵੇਦਨਾ ਉਨ੍ਹਾਂ ਸਾਰੇ ਲੋਕਾਂ ਦੇ ਨਾਲ ਹਨ ਜੋ ਸੋਗ ਵਿਚ ਹਨ, ਆਸਟ੍ਰੇਲੀਆ ਇਸ ਦੁੱਖ ਵਿਚ ਤੁਹਾਡੇ ਨਾਲ ਹੈ।’