ਅਮਰੀਕਾ ‘ਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 6 ਭਾਰਤੀ ਲੋਕਾਂ ਦੀ ਮੌਤ

ਅਟਲਾਂਟਾ, 27 ਦਸੰਬਰ : ਅਮਰੀਕਾ ਦੇ ਜਾਨਸਨ ਕਾਊਂਟੀ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਭਾਰਤ ਦੇ ਆਂਧਰਾ ਨਾਲ ਸਬੰਧਿਤ 6 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ 26 ਦਸੰਬਰ ਨੂੰ ਸ਼ਾਮ 4 ਵਜੇ ਦੇ ਕਰੀਬ ਵਾਪਰਿਆ, ਪਤਾ ਲੱਗਾ ਹੈ ਕਿ ਇੱਕ ਟਰੱਕ ਜੋ ਗਲਤ ਦਿਸ਼ਾ ‘ਚ ਹੋਣ ਕਾਰਨ ਉਸਨੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਪੀ. ਨਾਗੇਸ਼ਵਰ ਰਾਓ, ਸੀਤਾ ਮਹਾਂਲਕਸ਼ਮੀ, ਨਵੀਨਾ, ਕ੍ਰਿਤਿਕ, ਨਿਸ਼ੀਤਾ ਵਜੋਂ ਹੋਈ ਹੈ। ਇੰਨ੍ਹਾਂ ਤੋਂ ਇਲਾਵਾ ਮਰਨ ਵਾਲਿਆਂ ਵਿੱਚ ਇੱਕ ਹੋਰ ਸ਼ਾਮਲ ਹੈ, ਜਿਸ ਦੀ ਪਛਾਣ ਕੀਤੀ ਜਾ ਰਹੀ ਹੈ। ਜਦੋਂ ਕਿ ਲੋਕੇਸ਼ ਜਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਵਾਈ ਜਹਾਜ ਰਾਹੀਂ ਹਸਪਤਾਲ ਭਰਤੀ ਕਰਵਾਇਆ ਗਿਆ। ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਟਰੱਕ ‘ਚ ਸਵਾਰ ਦੋ ਨੌਜਵਾਨ ਵੀ ਇਸ ਹਾਦਸੇ ਵਿੱਚ ਜਖ਼ਮੀ ਹੋ ਗਏ ਹਨ। ਮ੍ਰਿਤਕਾਂ ਦੇ ਭਾਰਤ ਵਿੱਚ ਰਹਿੰਦੇ ਰਿਸ਼ਤੇਦਾਰ ਮੁਮਮੀਦੀਵਰਮ ਵਾਈਐਸਆਰ ਕਾਂਗਰਸ ਪਾਰਟੀ (ਵਾਈਐਸਆਰਸੀਪੀ) ਦੇ ਵਿਧਾਇਕ ਪੀ ਵੈਂਕਟ ਸਤੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਤੇ ਉਨ੍ਹਾਂ ਦਾ ਪਰਿਵਾਰ ਅਟਲਾਂਟਾ (ਅਮਰੀਕਾ) ਵਿੱਚ ਰਹਿੰਦੇ ਹਨ। ਕ੍ਰਿਸਮਸ ਦੀਆਂ ਛੁੱਟੀਆਂ ਹੋਣ ਕਾਰਨ ਉਹ ਟੈਕਸਾਸ ਵਿੱਚ ਰਹਿੰਦੇ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਘਰ ਵਾਪਸ ਆ ਰਹੇ ਸਨ, ਕਿ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਉਨ੍ਹਾਂ ਨੂੰ ਇਹ ਜਾਣਕਾਰੀ ਉੱਥੇ ਦੀ ਪੁਲਿਸ ਵੱਲੋਂ ਦਿੱਤੀ ਗਈ ਹੈ।