ਸੂਡਾਨ ਤੇ ਦੱਖਣੀ ਸੂਡਾਨ ਸਰਹੱਦ ’ਤੇ ਹੋਏ ਹਮਲਿਆਂ ’ਚ ਔਰਤਾਂ ਤੇ ਬੱਚਿਆਂ ਸਮੇਤ 52 ਲੋਕਾਂ ਦੀ ਮੌਤ

ਜੂਬਾ, 29 ਜਨਵਰੀ : ਸੂਡਾਨ ਦੇ ਨਾਲ ਲੱਗੇ ਦੱਖਣੀ ਸੂਡਾਨ ਦੀ ਸਰਹੱਦ ’ਤੇ ਹੋਏ ਹਮਲਿਆਂ ’ਚ ਔਰਤਾਂ ਤੇ ਬੱਚਿਆਂ ਸਮੇਤ 50 ਤੋਂ ਵੱਧ ਲੋਕ ਮਾਰੇ ਗਏ। ਇਸ ਨੂੰ 2021 ਤੋਂ ਬਾਅਦ ਤੋਂ ਸਰਹੱਦੀ ਵਿਵਾਦ ਨਾਲ ਸਬੰਧਤ ਹਮਲਿਆਂ ਦੀ ਸਭ ਤੋਂ ਘਾਤਕ ਘਟਨਾ ਮੰਨੀ ਜਾ ਰਹੀ ਹੈ। ਇਕ ਸਥਾਨਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਅਬੇਈ ਦੇ ਸੂਚਨਾ ਮੰਤਰੀ ਬੁਲਿਸ ਕੋਚ ਨੇ ਕਿਹਾ ਕਿ ਦੱਖਣੀ ਸੂਡਾਨ ਦੇ ਵਾਰੈਂਪ ਸੂਬੇ ਦੇ ਹਥਿਆਰਬੰਦ ਨੌਜਵਾਨਾਂ ਨੇ ਗੁਆਂਢੀ ਅਬੇਈ ਖੇਤਰ ’ਚ ਛਾਪੇ ਮਾਰੇ। ਅਬੇਈ ਇਕ ਤੇਲ ਪ੍ਰਧਾਨ ਖੇਤਰ ਹੈ, ਜਿਸ ਨੂੰ ਦੱਖਣੀ ਸੂਡਾਨ ਤੇ ਸੂਡਾਨ ਵੱਲੋਂ ਸਾਂਝੇ ਤੌਰ ’ਤੇ ਚਲਾਇਆ ਜਾਂਦਾ ਹੈ, ਦੋਵਾਂ ਨੇ ਇਸ ’ਤੇ ਆਪਣਾ ਦਾਅਵਾ ਜਤਾਇਆ ਹੈ। ਕੋਚ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਹੋਏ ਹਮਲਿਆਂ ਦੌਰਾਨ ਔਰਤਾਂ, ਬੱਚਿਆਂ ਤੇ ਪੁਲਿਸ ਅਧਿਕਾਰੀਆਂ ਸਮੇਤ 52 ਲੋਕ ਮਾਰੇ ਗਏ। ਇਸ ਤੋਂ ਇਲਾਵਾ 64 ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਮੌਜੂਦਾ ਗੰਭੀਰ ਸੁਰੱਖਿਆ ਸਥਿਤੀ ਕਾਰਨ ਕਰਫ਼ਿਊ ਲਗਾ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਅੰਤ੍ਰਿਮ ਸੁਰੱਖਿਆ ਬਲ (ਯੂਨਿਸਫਾ) ਅਬੇਈ ਨੇ ਐਤਵਾਰ ਨੂੰ ਕਿਹਾ ਕਿ ਹਿੰਸਾ ਦਰਮਿਆਨ ਏਗੋਕ ਸ਼ਹਿਰ ’ਚ ਉਸਦੇ ਅੱਡੇ ’ਤੇ ਹੋਏ ਹਮਲੇ ’ਚ ਅਬੇਈ ਸਥਿਤ ਸੰਯੁਕਤ ਰਾਸ਼ਟਰ ਬਲ ਦੇ ਇਕ ਘਾਨਾ ਸ਼ਾਂਤੀ ਰੱਖਿਅਕ ਦੀ ਮੌਤ ਹੋ ਗਈ। ਕੋਚ ਨੇ ਕਿਹਾ ਕਿ ਸੈਂਕੜੇ ਉੱਜੜੇ ਨਾਗਰਿਕਾਂ ਨੇ ਯੂਨਿਸਫਾ ਅੱਡੇ ’ਤੇ ਆਸਰਾ ਮੰਗਿਆ ਹੈ।