ਦੱਖਣੀ ਕੋਰੀਆ ਵਿੱਚ ਆਏ ਹੜ੍ਹਾਂ ਕਾਰਨ 37 ਲੋਕਾਂ ਦੀ ਮੌਤ, 14 ਲਾਪਤਾ

ਚੁੰਗਚਿਆਂਗ, 16 ਜੁਲਾਈ : ਦੱਖਣੀ ਕੋਰੀਆ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ 37 ਲੋਕਾਂ ਦੀ ਮੌਤ ਹੋ ਗਈ ਹੈ ਅਤੇ 14 ਹੋਰ ਲਾਪਤਾ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹੜ੍ਹ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪਏ ਹਨ । ਫਿਲਹਾਲ ਸਰਕਾਰੀ ਏਜੰਸੀਆਂ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰ ਰਹੀਆਂ ਹਨ । ਅਜਿਹੇ ਵਿੱਚ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਮਿਲੀ ਜਾਣਕਾਰੀ ਮੁਤਾਬਕ ਓਸੋਂਗ ਸ਼ਹਿਰ ਵਿੱਚ ਜ਼ਮੀਨਦੋਜ਼ ਸੜਕ ਮਾਰਗ ਵਿੱਚ 19 ਵਾਹਨ ਡੁੱਬ ਗਏ ਹਨ। ਕੇਂਦਰੀ ਆਫ਼ਤ ਏਜੰਸੀ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਮੌਤਾਂ ਉੱਤਰੀ ਗਯੋਂਗਸਾਂਗ ਵਿੱਚ ਹੋਈਆਂ, ਜਿੱਥੇ ਜ਼ਮੀਨ ਖਿਸਕਣ ਅਤੇ ਮਕਾਨ ਢਹਿਣ ਕਾਰਨ 16 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਦੱਖਣੀ ਚੁੰਗਚਿਆਂਗ ਸੂਬੇ ਵਿੱਚ ਚਾਰ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਰਿਪੋਰਟਾਂ ਮੁਤਾਬਕ ਹੜ੍ਹ ਦੇ ਚੱਲਦਿਆਂ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਅਜਿਹੇ ਵਿੱਚ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ । ਨਾਲ ਹੀ, ਸਰਕਾਰੀ ਏਜੰਸੀਆਂ ਦੇਸ਼ ਭਰ ਵਿੱਚ ਹੋਏ ਨੁਕਸਾਨ ਦਾ ਮੁਲਾਂਕਣ ਕਰ ਰਹੀਆਂ ਹਨ । ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਦੱਖਣੀ ਚੁੰਗਚਿਆਂਗ ਸੂਬੇ ਦੇ ਨੌਨਸਾਨ ਇਲਾਕੇ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਇਮਾਰਤ ਡਿੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ।