ਗਾਜ਼ਾ ‘ਤੇ ਇਜ਼ਰਾਇਲੀ ਹਵਾਈ ਹਮਲੇ ‘ਚ 29 ਦੀ ਮੌਤ, ਦਰਜਨਾਂ ਲੋਕ ਜ਼ਖਮੀ

ਗਾਜ਼ਾ, 12 ਅਪ੍ਰੈਲ : ਨਿਊਜ਼ ਏਜੰਸੀ ਦੇ ਅਨੁਸਾਰ ਸ਼ੁੱਕਰਵਾਰ ਨੂੰ ਇੱਥੇ ਇਕ ਰਿਹਾਇਸ਼ੀ ਇਮਾਰਤ ‘ਤੇ ਇਜ਼ਰਾਇਲੀ ਹਵਾਈ ਹਮਲੇ ‘ਚ 29 ਲੋਕ ਮਾਰੇ ਗਏ। ਨਿਊਜ਼ ਏਜੰਸੀ ਨੇ ਦੱਸਿਆ ਕਿ ਹਵਾਈ ਹਮਲੇ ਵਿਚ ਦਰਜਨਾਂ ਲੋਕ ਜ਼ਖਮੀ ਹੋਏ ਹਨ। ਇਜ਼ਰਾਈਲ ਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਹਵਾਈ ਸੈਨਾ ਨੇ ਪਿਛਲੇ 24 ਘੰਟਿਆਂ ਦੌਰਾਨ ਗਾਜ਼ਾ ਪੱਟੀ ਵਿੱਚ 60 ਤੋਂ ਵੱਧ ਟਿਕਾਣਿਆਂ ‘ਤੇ ਹਮਲਾ ਕੀਤਾ ਹੈ। ਖਾਨ ਯੂਨਿਸ ਗਵਰਨੋਰੇਟ ਦੇ ਅਲ-ਬਲਾਦ ਖੇਤਰ ਅਤੇ ਅਲ-ਅਮਾਲ ਇਲਾਕੇ ਤੋਂ 13 ਲੋਕਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ 7 ਅਕਤੂਬਰ ਨੂੰ ਹਮਾਸ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ ’ਤੇ ਰਾਕੇਟ ਦਾਗੇ ਸਨ। ਇਜ਼ਰਾਈਲ ਨੇ ਫਿਰ ਜਵਾਬੀ ਹਮਲੇ ਸ਼ੁਰੂ ਕੀਤੇ ਤੇ ਗਾਜ਼ਾ ਪੱਟੀ ਦੀ ਪੂਰੀ ਤਰ੍ਹਾਂ ਨਾਕਾਬੰਦੀ ਕਰਨ ਦਾ ਹੁਕਮ ਦਿੱਤਾ, ਜਿਸ ਦੀ ਆਬਾਦੀ 20 ਲੱਖ ਤੋਂ ਵੱਧ ਹੈ। ਇਸ ਤੋਂ ਬਾਅਦ ਪਾਣੀ, ਭੋਜਨ ਤੇ ਬਾਲਣ ਦੀ ਸਪਲਾਈ ਕੱਟ ਦਿੱਤੀ ਗਈ।ਮਨੁੱਖੀ ਸਹਾਇਤਾ ਦੇ ਟਰੱਕਾਂ ਨੂੰ ਗਾਜ਼ਾ ਪੱਟੀ ’ਚ ਦਾਖ਼ਲ ਹੋਣ ਦੀ ਇਜਾਜ਼ਤ ਦੇਣ ਲਈ ਬਾਅਦ ’ਚ ਨਾਕਾਬੰਦੀ ’ਚ ਢਿੱਲ ਦਿੱਤੀ ਗਈ ਸੀ। ਟਕਰਾਅ ਕਾਰਨ ਦੋਵਾਂ ਧਿਰਾਂ ਦੇ ਹਜ਼ਾਰਾਂ ਲੋਕ ਮਾਰੇ ਤੇ ਜ਼ਖ਼ਮੀ ਹੋ ਚੁੱਕੇ ਹਨ।