ਸੀਰੀਆ ’ਚ ਹੈਲੀਕਾਪਟਰ ਹਾਦਸੇ ’ਚ 22 ਅਮਰੀਕੀ ਫ਼ੌਜੀ ਜ਼ਖਮੀ

ਬੈਰੂਤ, 13 ਜੂਨ : ਉੱਤਰ ਪੂਰਬੀ ਸੀਰੀਆ ’ਚ ਹੈਲੀਕਾਪਟਰ ਹਾਦਸੇ ’ਚ 22 ਅਮਰੀਕੀ ਫ਼ੌਜੀ ਜ਼ਖਮੀ ਹੋ ਗਏ। ਅਮਰੀਕੀ ਫ਼ੌਜੀ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਪਿੱਛੇ ਕਿਸੇ ਦੁਸ਼ਮਣ ਦਾ ਹੱਥ ਨਹੀਂ ਲੱਗ ਰਿਹਾ। ਅੱਤਵਾਦੀ ਜਥੇਬੰਦੀ ਆਈਐੱਸ ਨਾਲ ਸੰਘਰਸ਼ ’ਚ ਕੁਰਦ ਸਮਰਥਿਤ ਸੀਰੀਆਈ ਡੈਮੋਕ੍ਰੇਟਿਕ ਫੋਰਸਿਜ਼ ਦੇ ਸਮਰਥਨ ਲਈ ਅਮਰੀਕੀ ਫ਼ੌਜ 2015 ਤੋਂ ਸੀਰੀਆ ’ਚ ਹਨ। ਸੀਰੀਆ ’ਚ ਇਸਲਾਮਿਕ ਸਟੇਟ (ਆਈਐੱਸ) ਨਾਲ ਸੰਘਰਸ਼ ਲਈ ਲਗਪਗ 900 ਅਮਰੀਕੀ ਮੁਲਾਜ਼ਮ ਤਾਇਨਾਤ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਪੂਰਬ ’ਚ ਹਨ। ਹਾਲੀਆ ਸਾਲਾਂ ’ਚ ਈਰਾਨ ਸਮਰਥਿਤ ਮਿਲੀਸ਼ੀਆ ਨੇ ਅਮਰੀਕੀ ਫ਼ੌਜੀਆਂ ’ਤੇ ਕਈ ਵਾਰੀ ਹਮਲੇ ਕੀਤੇ ਹਨ। ਮਾਰਚ ’ਚ ਸੀਰੀਆ ਵੱਲੋਂ ਹੋਏ ਹਮਲਿਆਂ ’ਚ 25 ਅਮਰੀਕੀ ਫ਼ੌਜੀ ਜ਼ਖਮੀ ਹੋ ਗਏ ਸਨ। ਇਸ ਦੌਰਾਨ ਇਕ ਅਮਰੀਕੀ ਠੇਕੇਦਾਰ ਦੀ ਮੌਤ ਹੋ ਗਈ ਸੀ ਤੇ ਇਕ ਹੋਰ ਜ਼ਖ਼ਮੀ ਹੋ ਗਿਆ ਸੀ। ਮਾਰਚ 2019 ’ਚ ਸੀਰੀਆ ’ਚ ਕੱਟੜਪੰਥੀ ਗਰੁੱਪ ਦੇ ਹਾਰਣ ਤੋਂ ਬਾਅਦ ਅਮਰੀਕੀ ਫ਼ੌਜ ਆਈਐੱਸ ਦੀ ਵਾਪਸੀ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।