ਮਿਸਰ ਦੀ ਰਾਜਧਾਨੀ ਕਾਹਿਰਾ 'ਚ ਵਾਪਰੇ ਰੇਲ ਹਾਦਸੇ ਵਿੱਚ 2 ਲੋਕਾਂ ਦੀ ਮੌਤ, 16 ਜ਼ਖਮੀ 

ਕਾਹਿਰਾ, 09 ਮਾਰਚ : ਮਿਸਰ ਦੀ ਰਾਜਧਾਨੀ ਕਾਹਿਰਾ ਦੇ ਉੱਤਰ 'ਚ 23 ਕਿਲੋਮੀਟਰ ਦੂਰ ਕਸਬੇ ਕਾਲਯੁਬ 'ਚ ਵਾਪਰੇ ਰੇਲ ਹਾਦਸੇ 'ਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਮਿਸਰ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ 16 ਜ਼ਖ਼ਮੀਆਂ ਵਿਚੋਂ 10 ਦਾ ਇਲਾਜ ਕਾਲਯੁਬ ਸਪੈਸ਼ਲਿਸਟ ਹਸਪਤਾਲ ਵਿਚ ਚੱਲ ਰਿਹਾ ਹੈ ਅਤੇ ਉਹਨਾਂ ਦੀਆਂ ਸੱਟਾਂ ਜਾਨਲੇਵਾ ਨਹੀਂ ਹਨ। ਬਾਕੀ ਛੇ ਲੋਕਾਂ ਨੂੰ ਮਾਮੂਲੀ ਸੱਟਾਂ ਸਨ। ਇਸ ਦੌਰਾਨ ਮਿਸਰ ਦੇ ਰਾਸ਼ਟਰੀ ਰੇਲਵੇ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਹਾਦਸੇ ਵਿਚ ਲੋਕੋਮੋਟਿਵ ਅਤੇ ਪਹਿਲਾ ਕੋਚ ਪਟੜੀ ਤੋਂ ਉਤਰ ਗਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਮਿਸਰ ਦੇ ਆਵਾਜਾਈ ਮੰਤਰਾਲੇ ਨੇ ਘਟਨਾ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ 20 ਐਂਬੂਲੈਂਸਾਂ ਨੂੰ ਮੌਕੇ 'ਤੇ ਪਹੁੰਚਾਇਆ ਗਿਆ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਮਿਸਰ ਦੇ ਰੇਲਵੇ ਨੇ ਕਿਹਾ ਕਿ ਇਹ ਹਾਦਸਾ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ ਹੈ।