ਗਾਜ਼ਾ ਪੱਟੀ ’ਚ ਹੋਈਆਂ ਝੜਪਾਂ ਦੌਰਾਨ ਮਾਰੇ 13 ਇਜ਼ਰਾਇਲੀ ਫੌਜੀ 

ਗਾਜ਼ਾ, 24 ਦਸੰਬਰ : ਗਾਜ਼ਾ ਪੱਟੀ ’ਚ ਹੋਈਆਂ ਝੜਪਾਂ ਦੌਰਾਨ 13 ਇਜ਼ਰਾਇਲੀ ਫੌਜੀ ਮਾਰੇ ਗਏ। ਇਜ਼ਰਾਈਲੀ ਫੌਜ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਅਕਤੂਬਰ ਦੇ ਅਖੀਰ ਵਿਚ ਇਜ਼ਰਾਈਲ ਦੇ ਜ਼ਮੀਨੀ ਹਮਲੇ ਦੀ ਸ਼ੁਰੂਆਤ ਤੋਂ ਬਾਅਦ ਇਜ਼ਰਾਈਲੀ ਫੌਜੀ ਮਾਰੇ ਜਾਣ ਦੀ ਇਹ ਸੱਭ ਤੋਂ ਵੱਡੀ ਗਿਣਤੀ ਹੈ ਅਤੇ ਇਸ ਗੱਲ ਦਾ ਸੰਕੇਤ ਹੈ ਕਿ ਹਫਤਿਆਂ ਦੀ ਭਿਆਨਕ ਲੜਾਈ ਦੇ ਬਾਵਜੂਦ ਹਮਾਸ ਅਜੇ ਵੀ ਲੜ ਰਿਹਾ ਹੈ। ਹਾਲਾਂਕਿ, ਇਜ਼ਰਾਈਲੀ ਫੌਜੀ ਮੌਤਾਂ ਦੇ ਵਧਦੇ ਅੰਕੜੇ ਯੁੱਧ ਲਈ ਇਜ਼ਰਾਈਲੀ ਜਨਤਕ ਸਮਰਥਨ ’ਚ ਇਕ ਮਹੱਤਵਪੂਰਣ ਕਾਰਕ ਬਣਨ ਦੀ ਸੰਭਾਵਨਾ ਹੈ। ਹਮਾਸ ਦੀ ਅਗਵਾਈ ਵਾਲੇ ਅਤਿਵਾਦੀਆਂ ਨੇ 7 ਅਕਤੂਬਰ ਨੂੰ ਦਖਣੀ ਇਜ਼ਰਾਈਲ ਵਿਚ ਨਾਗਰਿਕਾਂ ’ਤੇ ਹਮਲੇ ਕੀਤੇ ਸਨ, ਜਿਸ ਵਿਚ 1,200 ਲੋਕ ਮਾਰੇ ਗਏ ਸਨ ਅਤੇ 240 ਨੂੰ ਬੰਧਕ ਬਣਾ ਲਿਆ ਗਿਆ ਸੀ। ਯੁੱਧ ਨੇ ਗਾਜ਼ਾ ਪੱਟੀ ਦੇ ਕੁੱਝ ਹਿੱਸਿਆਂ ਨੂੰ ਤਬਾਹ ਕਰ ਦਿਤਾ ਹੈ, ਜਿਸ ’ਚ 20,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ ਅਤੇ ਗਾਜ਼ਾ ਦੀ 2.3 ਮਿਲੀਅਨ ਆਬਾਦੀ ’ਚੋਂ ਲਗਭਗ 85 ਫ਼ੀ ਸਦੀ ਬੇਘਰ ਹੋ ਗਏ ਹਨ। ਇਜ਼ਰਾਈਲ ਅਜੇ ਵੀ ਹਮਾਸ ਦੇ ਸ਼ਾਸਨ ਅਤੇ ਫੌਜੀ ਸਮਰਥਾਵਾਂ ਨੂੰ ਕੁਚਲਣ ਅਤੇ ਬਾਕੀ 129 ਨਜ਼ਰਬੰਦਾਂ ਨੂੰ ਰਿਹਾਅ ਕਰਨ ਦੇ ਅਪਣੇ ਦੱਸੇ ਟੀਚਿਆਂ ਦੀ ਦ੍ਰਿੜਤਾ ਨਾਲ ਪੈਰਵੀ ਕਰ ਰਿਹਾ ਹੈ। ਇਜ਼ਰਾਈਲ ਦੇ ਹਮਲੇ ਅਤੇ ਫਲਸਤੀਨੀਆਂ ਦੇ ਮਾਰੇ ਜਾਣ ਅਤੇ ਬੇਮਿਸਾਲ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਸਮਰਥਨ ਜ਼ਿਆਦਾਤਰ ਸਥਿਰ ਰਿਹਾ ਹੈ। ਫੌਜੀਆਂ ਦੀ ਮੌਤ ਦੀ ਵਧਦੀ ਗਿਣਤੀ ਉਸ ਸਮਰਥਨ ਨੂੰ ਕਮਜ਼ੋਰ ਕਰ ਸਕਦੀ ਹੈ। ਯਹੂਦੀ ਬਹੁਗਿਣਤੀ ਵਾਲੇ ਅਤੇ ਲਾਜ਼ਮੀ ਫੌਜੀ ਸੇਵਾ ਵਾਲੇ ਦੇਸ਼ ਇਜ਼ਰਾਈਲ ਵਿਚ ਫ਼ੌਜੀਆਂ ਦੀ ਮੌਤ ਇਕ ਸੰਵੇਦਨਸ਼ੀਲ ਅਤੇ ਭਾਵਨਾਤਮਕ ਵਿਸ਼ਾ ਹੈ। ਸ਼ੁਕਰਵਾਰ ਅਤੇ ਸਨਿਚਰਵਾਰ ਨੂੰ ਮੱਧ ਅਤੇ ਦਖਣੀ ਗਾਜ਼ਾ ਵਿਚ ਲੜਾਈ ਦੌਰਾਨ 13 ਇਜ਼ਰਾਈਲੀ ਫ਼ੌਜੀ ਮਾਰੇ ਗਏ ਸਨ, ਜੋ ਇਸ ਗੱਲ ਦਾ ਸੰਕੇਤ ਹੈ ਕਿ ਕਿਵੇਂ ਹਮਾਸ ਅਜੇ ਵੀ ਅੱਗੇ ਵਧ ਰਹੇ ਇਜ਼ਰਾਈਲੀ ਫ਼ੌਜੀਆਂ ਵਿਰੁਧ ਸਖਤ ਵਿਰੋਧ ਕਰ ਰਿਹਾ ਹੈ, ਜਦਕਿ ਇਜ਼ਰਾਈਲ ਦਾ ਦਾਅਵਾ ਹੈ ਕਿ ਇਸ ਨੇ ਅਤਿਵਾਦੀ ਸਮੂਹ ਨੂੰ ਗੰਭੀਰ ਝਟਕਾ ਦਿਤਾ ਹੈ। ਜ਼ਮੀਨੀ ਹਮਲਾ ਸ਼ੁਰੂ ਹੋਣ ਤੋਂ ਬਾਅਦ ਮਾਰੇ ਗਏ ਇਜ਼ਰਾਈਲੀ ਫ਼ੌਜੀਆਂ ਦੀ ਗਿਣਤੀ 152 ਹੋ ਗਈ ਹੈ। ਤੇਲ ਅਵੀਵ ਵਿਚ ਸਨਿਚਰਵਾਰ ਰਾਤ ਨੂੰ ਭਾਰੀ ਮੀਂਹ ਦੇ ਵਿਚਕਾਰ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ ‘‘ਬੀਬੀ, ਬੀਬੀ, ਅਸੀਂ ਤੈਨੂੰ ਹੁਣ ਹੋਰ ਨਹੀਂ ਚਾਹੁੰਦੇ’’ ਦੇ ਨਾਅਰੇ ਲਾਏ। ਨੇਤਨਯਾਹੂ ਨੇ ਫੌਜ ਅਤੇ ਨੀਤੀਗਤ ਅਸਫਲਤਾਵਾਂ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿਤਾ ਅਤੇ ਕਿਹਾ ਕਿ ਉਹ ਲੜਾਈ ਖਤਮ ਹੋਣ ਤੋਂ ਬਾਅਦ ਸਖਤ ਸਵਾਲਾਂ ਦੇ ਜਵਾਬ ਦੇਣਗੇ।  ਇਜ਼ਰਾਇਲੀ ਫੌਜ ਦੇ ਬੁਲਾਰੇ ਰੀਅਰ ਐਡਮਿਰਲ ਡੈਨੀਅਲ ਹਾਗਾਰੀ ਨੇ ਸਨਿਚਰਵਾਰ ਨੂੰ ਕਿਹਾ ਕਿ ਫੌਜ ਉੱਤਰੀ ਅਤੇ ਦਖਣੀ ਗਾਜ਼ਾ ਵਿਚ ਅਪਣਾ ਹਮਲਾ ਵਧਾ ਰਹੀ ਹੈ ਅਤੇ ਫੌਜੀ ਗਾਜ਼ਾ ਦੇ ਦੂਜੇ ਸੱਭ ਤੋਂ ਵੱਡੇ ਸ਼ਹਿਰ ਖਾਨ ਯੂਨਾਨ ਦੇ ਗੁੰਝਲਦਾਰ ਇਲਾਕਿਆਂ ਵਿਚ ਲੜ ਰਹੇ ਹਨ। ਇਜ਼ਰਾਈਲ ਦਾ ਮੰਨਣਾ ਹੈ ਕਿ ਹਮਾਸ ਦੇ ਨੇਤਾ ਇੱਥੇ ਲੁਕੇ ਹੋਏ ਹਨ। ਫਿਲਸਤੀਨੀ ਰੈੱਡ ਕ੍ਰੈਸੈਂਟ ਨੇ ਐਤਵਾਰ ਸਵੇਰੇ ਕਿਹਾ ਕਿ ਖਾਨ ਯੂਨਿਸ ਵਿਚ ਅਲ-ਅਮਲ ਹਸਪਤਾਲ ਦੀ ਇਮਾਰਤ ਦੇ ਅੰਦਰ ਇਜ਼ਰਾਇਲੀ ਡਰੋਨ ਹਮਲੇ ਵਿਚ ਇਕ 13 ਸਾਲ ਦੇ ਮੁੰਡੇ ਦੀ ਮੌਤ ਹੋ ਗਈ। ਫਿਲਸਤੀਨੀ ਰੈੱਡ ਕ੍ਰੈਸੈਂਟ ਨੇ ਇਸ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿਤੀ। ਇਜ਼ਰਾਈਲ ਅਤੇ ਫਲਸਤੀਨੀ ਦੋਹਾਂ ਪਾਸਿਆਂ ਤੋਂ ਮੌਤਾਂ ਵਧੀਆਂ ਹਨ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਫਲਸਤੀਨੀਆਂ ਨੂੰ ਮਨੁੱਖੀ ਸਹਾਇਤਾ ਜਲਦੀ ਪਹੁੰਚਾਉਣ ਅਤੇ ਸਾਰੇ ਬੰਧਕਾਂ ਦੀ ਰਿਹਾਈ ਦੀ ਮੰਗ ਕਰਦਿਆਂ ਇਕ ਮਤਾ ਪਾਸ ਕੀਤਾ ਹੈ, ਹਾਲਾਂਕਿ ਪ੍ਰਸਤਾਵ ਵਿਚ ਜੰਗਬੰਦੀ ਦਾ ਜ਼ਿਕਰ ਨਹੀਂ ਹੈ। ਇਹ ਤੁਰਤ ਸਪੱਸ਼ਟ ਨਹੀਂ ਹੈ ਕਿ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਤੋਂ ਬਾਅਦ ਸਹਾਇਤਾ ਦੀ ਸਪਲਾਈ ਕਿਵੇਂ ਅਤੇ ਕਦੋਂ ਤੇਜ਼ ਹੋਵੇਗੀ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਸ਼ੁਕਰਵਾਰ ਨੂੰ 100 ਤੋਂ ਘੱਟ ਟਰੱਕ ਦਾਖਲ ਹੋਏ, ਜੋ ਜੰਗ ਤੋਂ ਪਹਿਲਾਂ ਦੀ ਰੋਜ਼ਾਨਾ ਔਸਤ 500 ਤੋਂ ਬਹੁਤ ਘੱਟ ਹੈ। 

ਇਜ਼ਰਾਈਲੀ ਹਮਲੇ ’ਚ 90 ਤੋਂ ਵੱਧ ਫਲਸਤੀਨੀਆਂ ਦੀ ਮੌਤ
ਗਾਜ਼ਾ ’ਚ ਦੋ ਘਰਾਂ ’ਤੇ ਇਜ਼ਰਾਇਲੀ ਹਮਲੇ ’ਚ ਇਕੋ ਪਰਵਾਰ ਦੇ ਦਰਜਨਾਂ ਮੈਂਬਰਾਂ ਸਮੇਤ 90 ਤੋਂ ਜ਼ਿਆਦਾ ਫਲਸਤੀਨੀ ਮਾਰੇ ਗਏ। ਬਚਾਅ ਮੁਲਾਜ਼ਮਾਂ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਇਸ ਤੋਂ ਇਕ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਮੁਖੀ ਨੇ ਚੇਤਾਵਨੀ ਦਿਤੀ ਸੀ ਕਿ ਇਲਾਕੇ ’ਚ ਕੋਈ ਵੀ ਥਾਂ ਸੁਰੱਖਿਅਤ ਨਹੀਂ ਹੈ ਅਤੇ ਇਜ਼ਰਾਈਲ ਦੀ ਹਮਲਾਵਰਤਾ ਲੋਕਾਂ ਨੂੰ ਮਨੁੱਖੀ ਸਹਾਇਤਾ ਪਹੁੰਚਾਉਣ ਵਿਚ ਬੁਰੀ ਤਰ੍ਹਾਂ ਰੁਕਾਵਟ ਪਾ ਰਹੀ ਹੈ। ਫੌਜ ਨੇ ਕਿਹਾ ਕਿ ਹਮਾਸ ਅਤੇ ਇਸਲਾਮਿਕ ਜਿਹਾਦ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿਚ ਹੁਣ ਤਕ 700 ਤੋਂ ਵੱਧ ਲੋਕ ਇਜ਼ਰਾਈਲ ਦੀਆਂ ਜੇਲ੍ਹਾਂ ਵਿਚ ਬੰਦ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਸਨਿਚਰਵਾਰ ਸ਼ਾਮ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ’ਚ 201 ਲੋਕਾਂ ਦੀ ਮੌਤ ਹੋ ਗਈ ਹੈ। ਗਾਜ਼ਾ ਦੇ ਸਿਵਲ ਡਿਫੈਂਸ ਵਿਭਾਗ ਦੇ ਬੁਲਾਰੇ ਮਹਿਮੂਦ ਬਾਸਲ ਨੇ ਕਿਹਾ ਕਿ ਹਵਾਈ ਹਮਲਿਆਂ ਨੇ ਸ਼ੁਕਰਵਾਰ ਨੂੰ ਦੋ ਘਰਾਂ ਨੂੰ ਤਬਾਹ ਕਰ ਦਿਤਾ, ਜਿਸ ਵਿਚ ਗਾਜ਼ਾ ਸਿਟੀ ਵਿਚ ਇਕ ਘਰ ਵੀ ਸ਼ਾਮਲ ਹੈ, ਜਿੱਥੇ ਅਲ-ਮੁਗ਼ਰਾਬੀ ਪਰਿਵਾਰ ਦੇ 76 ਮੈਂਬਰ ਮਾਰੇ ਗਏ ਸਨ। ਮਾਰੇ ਗਏ ਲੋਕਾਂ ਵਿਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦਾ ਇਕ ਬਜ਼ੁਰਗ ਕਰਮਚਾਰੀ ਇਸਮ ਅਲ-ਮੁਗਰਾਬੀ, ਉਸ ਦੀ ਪਤਨੀ ਅਤੇ ਉਨ੍ਹਾਂ ਦੇ ਪੰਜ ਬੱਚੇ ਸ਼ਾਮਲ ਹਨ। ਏਜੰਸੀ ਦੇ ਮੁਖੀ ਅਚਿਮ ਸਟੀਨਰ ਨੇ ਕਿਹਾ ਕਿ ਗਾਜ਼ਾ ਵਿਚ ਸੰਯੁਕਤ ਰਾਸ਼ਟਰ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ। ਪਰ ਇਹ ਯੁੱਧ ਖਤਮ ਹੋਣਾ ਚਾਹੀਦਾ ਹੈ। ਅਲ-ਅਕਸਾ ਸ਼ਹੀਦ ਹਸਪਤਾਲ ਦੇ ਅਧਿਕਾਰੀਆਂ ਮੁਤਾਬਕ ਨਸੀਰਤ ਅਰਬਨ ਰਿਫਿਊਜੀ ਕੈਂਪ ’ਤੇ ਹੋਏ ਹਮਲੇ ਨੇ ਮੁਹੰਮਦ ਖਲੀਫਾ ਦਾ ਘਰ ਤਬਾਹ ਕਰ ਦਿਤਾ ਅਤੇ ਉਸ ਦੀ ਅਤੇ ਘੱਟੋ-ਘੱਟ 14 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਹਸਪਤਾਲ ’ਚ ਹੀ ਹਮਲੇ ’ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਲਈਆਂ ਗਈਆਂ ਸਨ।