ਢਾਕਾ ‘ਚ ਹੋਏ ਧਮਾਕੇ ਵਿੱਚ 11 ਲੋਕਾਂ ਦੀ ਹੋਈ ਮੌਤ, 100 ਤੋਂ ਜਿਆਦਾ ਜਖ਼ਮੀ

ਢਾਕਾ, 07 ਮਾਰਚ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਇੱਕ ਇਮਾਰਤ ਵਿੱਚ ਧਮਾਕਾ ਹੋਣ ਕਾਰਨ 11 ਲੋਕਾਂ ਦੀ ਮੌਤ ਅਤੇ 100 ਤੋਂ ਵਧੇਰੇ ਲੋਕਾਂ ਦੇ ਜਖ਼ਮੀ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਢਾਕਾ ਦੇ ਭੀੜ ਭਾੜ ਵਾਲੇ ਬਜ਼ਾਰ ‘ਚ  ਧਮਾਕਾ ਹੋਇਆ, ਹਾਲੇ ਤੱਕ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਇਸ ਹਾਦਸੇ ਵਿੱਚ ਜਖ਼ਮੀ ਹੋਏ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਪੰਜ ਫਾਇਰ ਟੈਂਡਰ ਮੌਕੇ 'ਤੇ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਅੱਜ ਸ਼ਾਮ ਕਰੀਬ 4:50 ਵਜੇ ਹੋਇਆ। ਜ਼ਖਮੀਆਂ ਨੂੰ ਢਾਕਾ ਮੈਡੀਕਲ ਕਾਲਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਜਾਣਕਾਰੀ ਥਾਣਾ ਮੁਖੀ ਇੰਸਪੈਕਟਰ ਬੱਚੂ ਮੀਆਂ ਨੇ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਜ਼ਖਮੀਆਂ ਦਾ ਹਸਪਤਾਲ ਦੀ ਐਮਰਜੈਂਸੀ ਯੂਨਿਟ 'ਚ ਇਲਾਜ ਚੱਲ ਰਿਹਾ ਹੈ। ਜਿਸ ਇਮਾਰਤ 'ਚ ਧਮਾਕਾ ਹੋਇਆ, ਉਸ ਦੀ ਹੇਠਲੀ ਮੰਜ਼ਿਲ 'ਤੇ ਸੈਨੇਟਰੀ ਉਤਪਾਦਾਂ ਦੇ ਕਈ ਸਟੋਰ ਹਨ। ਬ੍ਰੈਕ ਬੈਂਕ ਦੀ ਸ਼ਾਖਾ ਵੀ ਇਸਦੇ ਨਾਲ ਹੀ ਸਥਿਤ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਧਮਾਕੇ ਕਾਰਨ ਸੜਕ ਦੇ ਕੋਲ ਖੜੀ ਇੱਕ ਬੱਸ ਨੂੰ ਵੀ ਨੁਕਸਾਨ ਪਹੁੰਚਿਆ ਹੈ।