ਪਾਕਿਸਤਾਨ ਵਿੱਚ ਇੱਕ ਟਰਾਲੀ ਦੇ ਨਹਿਰ ਵਿੱਚ ਡਿੱਗਣ ਕਾਰਨ 10 ਲੋਕਾਂ ਦੀ ਮੌਤ 

ਇਸਲਾਮਾਬਾਦ, 12 ਮਾਰਚ : ਦੱਖਣੀ ਪਾਕਿਸਤਾਨ ਵਿੱਚ ਇੱਕ ਟਰਾਲੀ ਦੇ ਨਹਿਰ ਵਿੱਚ ਡਿੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਪੰਜਾਬ ਦੇ ਡੇਰਾ ਗਾਜ਼ੀ ਖਾਨ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਰਾਤ ਨੂੰ ਵਾਪਰੀ। ਬਚਾਅ ਕਾਰਜ 'ਚ ਸ਼ਾਮਲ ਇਕ ਅਧਿਕਾਰੀ ਨੇ ਦੱਸਿਆ ਕਿ ਟਰਾਲੀ 'ਚ 46 ਲੋਕ ਸਵਾਰ ਸਨ ਅਤੇ ਉਹ ਇਕ ਸਥਾਨਕ ਦਰਗਾਹ 'ਤੇ ਮੱਥਾ ਟੇਕਣ ਜਾ ਰਹੇ ਸਨ। ਅਧਿਕਾਰੀ ਮੁਤਾਬਕ ਹੁਣ ਤੱਕ 27 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ ਜਦਕਿ 10 ਲਾਸ਼ਾਂ ਨਹਿਰ 'ਚੋਂ ਕੱਢੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿੱਚ 7 ​​ਔਰਤਾਂ ਅਤੇ 3 ਬੱਚੇ ਸ਼ਾਮਲ ਹਨ। 9 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।