ਵਾਰਡਬੰਦੀ ਦਾ ਨਕਸ਼ਾ ਸਿੱਧ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਲਾਚੌਰ ਵਿਚ ਘਬਰਾਹਟ ਵਿੱਚ ਹੈ : ਗੜ੍ਹੀ

ਬਲਾਚੌਰ, 27 ਦਸੰਬਰ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਅੱਜ ਅਕਾਲੀ ਬਸਪਾ ਲੀਡਰਸ਼ਿਪ ਦੀ ਸਾਂਝੀ ਮੀਟਿੰਗ ਕਰਦਿਆ ਦੌਰਾਨ ਵਿਚਾਰ ਮੰਥਨ ਤੋਂ ਬਾਅਦ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਕਿ ਬਲਾਚੌਰ ਸ਼ਹਿਰ ਦੀ ਵਾਰਡਬੰਦੀ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਆਮ ਆਦਮੀ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਹੋਇਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਲਾਚੌਰ ਕੌਂਸਿਲ ਦੀ ਵਾਰਡਬੰਦੀ ਕਰਨ ਵਿੱਚ ਮੁਹੱਲੇ ਦੀ ਵੰਡ, ਗਲ਼ੀ ਦੀ ਵੰਡ, ਰਾਸ਼ਟਰੀ ਤੇ ਸਟੇਟ ਸੜਕਾਂ ਦੀ ਵੰਡ ਦੇ ਨਾਲ ਨਾਲ ਸਮਾਜਿਕ ਵੰਡ ਦਾ ਵੀ ਘਾਣ ਕੀਤਾ ਹੈ। ਬਲਾਚੌਰ ਸ਼ਹਿਰ ਦੇ ਆਮ ਲੋਕ ਲੋਕਾਂ ਲਈ ਵਾਰਡ ਦੀ ਹੱਦਬੰਦੀ ਯਕਸ਼ ਪ੍ਰਸ਼ਨ ਬਣ ਚੁੱਕੀ ਹੈ। ਸ ਗੜ੍ਹੀ ਨੇ ਕਿਹਾ ਕਿ ਵਾਰਡਬੰਦੀ ਦਾ ਨਕਸ਼ਾ ਸਿੱਧ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਲਾਚੌਰ ਵਿਚ ਘਬਰਾਹਟ ਵਿੱਚ ਹੈ। ਨਕਸ਼ੇ ਦੀ ਗੁੰਝਲਦਾਰ ਵੰਡ ਨੂੰ ਸਮਝਣ ਲਈ ਹਲਕਾ ਵਿਧਾਇਕਾ ਨੂੰ  ਲੋਕ ਹਿੱਤ ਵਿਚ ਕੰਮ  ਕਰਨ ਦੀ ਜਰੂਰਤ ਹੈ। ਆਮ ਆਦਮੀ ਪਾਰਟੀ ਦੀ ਘਬਰਾਹਟ ਦੀ ਦੂਜੀ ਨਿਸ਼ਾਨੀ ਹੈ ਕਿ ਜਿਹੜਾ ਨਕਸ਼ਾ ਆਮ ਲੋਕਾਂ ਦੇ ਦੇਖਣ ਲਈ ਕੰਧਾਂ ਤੇ ਲਗਾਕੇ ਜਨਤਕ ਕੀਤਾ ਜਾਂਦਾ ਹੈ, ਅੱਜ ਉਸ ਉੱਤੇ ਕੌਂਸਿਲ ਦਫ਼ਤਰ ਤੇ ਕਰਿੰਦੇ ਜ਼ੇਡ ਸੁਰਖਿਆਂ ਬਣਾਕੇ ਦਿਖਾਉਂਦੇ ਹਨ, ਮੁੜ ਲਾਕਰਾਂ ਵਿਚ ਮਾਮੀਰੇ ਦੀ ਗਠੀ ਵਾਂਗ ਲੁਕੋਕੇ ਰੱਖਿਆ ਜਾਂਦਾ ਹੈ। ਸ ਗੜ੍ਹੀ ਨੇ ਕਿਹਾ ਕਿ ਭੂਗੋਲਕ ਹੱਦਬੰਦੀ ਤੇ ਸਮਾਜਿਕ ਹੱਦਬੰਦੀਆਂ ਦਾ ਘਾਣ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਟਾਰੀਆ ਟੱਬਰ ਨੇ ਸੋੜੀ ਰਾਜਨੀਤਿਕ ਸੋਚ ਤਹਿਤ ਜੈਨੀ ਮੁਹੱਲਾ ਦੇ ਵੋਟਰ, ਵਾਲਮੀਕਿ ਸਮਾਜ ਦੇ ਮੁਹੱਲੇ ਦੇ ਵੋਟਰ, ਦਲਿਤ ਬਸਤੀਆਂ, ਰਾਜਪੂਤ ਭਾਈਚਾਰੇ ਦੇ ਵੋਟਰ ਬੁਰੀ ਤਰ੍ਹਾਂ ਨਾਲ ਵਾਰਡਬੰਦੀ ਤਹਿਤ ਕਮਜੋਰ  ਕੀਤੇ ਗਏ। ਦਲਿਤ ਸਮਾਜ ਦੇ ਇਕ ਇਕ ਮੁਹੱਲੇ ਨੇ ਤਿੰਨ ਤਿੰਨ ਵਾਰਡਾਂ ਵਿਚ ਵੰਡਿਆ ਗਿਆ, ਜਿਸਦੀ ਉਦਾਹਰਨ ਮਹਿੰਦੀਪੁਰ, ਸਿਆਣਾ, ਮੰਡਿਆਣੀ ਰੋਡ, ਭੱਦੀ ਰੋਡ ਪਰਮੁੱਖ ਹਨ, ਜੋਕਿ ਬਹੁਜਨ ਸਮਾਜ ਪਾਰਟੀ ਦੇ ਮਜ਼ਬੂਤ ਖੇਤਰ ਹਨ। ਸ਼ਿਰੋਮਣੀ ਅਕਾਲੀ ਦਲ ਦੇ ਇੱਸਤਰੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਹਲਕਾ ਇੰਚਾਰਜ ਸ਼੍ਰੀਮਤੀ ਸੁਨੀਤਾ ਚੌਧਰੀ ਨੇ ਕਿਹਾ ਕਿ ਬਸਪਾ ਤੇ ਸ਼ਿਰੋਮਣੀ ਅਕਾਲੀ ਦਲ ਨੇ ਅੱਜ ਵਾਰਡਬੰਦੀ ਮੰਥਨ ਮੀਟਿੰਗ ਕੀਤੀ ਤੇ ਨਕਸ਼ੇ ਨੂੰ ਦੋਬਾਰਾ ਵਾਚਣ ਲਈ ਅੱਜ ਫਿਰ ਡਿਊਟੀਆਂ ਲਗਾ ਦਿੱਤੀਆਂ ਹਨ। ਗਠਜੋੜ ਵਲੋਂ ਆਮ ਵੋਟਰਾਂ ਤੇ ਲੀਡਰਸ਼ਿਪ ਦੇ ਸੁਝਾਅ ਅਗਲੇਰੀ ਕਾਰਵਾਈ ਲਈ ਲਏ ਜਾ ਰਹੇ ਹਨ। ਇਸ ਮੌਕੇ  ਸਾਬਕਾ ਕੌਂਸਲ ਪ੍ਰਧਾਨ ਰਣਦੀਪ ਕੌਸ਼ਲ, ਬਸਪਾ ਹਲਕਾ ਪ੍ਰਧਾਨ ਜਸਵੀਰ ਸਿੰਘ ਔਲੀਆਪੁਰ, ਜਿਲ੍ਹਾ ਬਸਪਾ ਯੂਥ ਕੋਂਸਲਰ ਪੰਮਾ ਭਾਟੀਆ, ਹਰਬੰਸ ਲਾਲ ਕਲੇਰ, ਇੰ. ਜਸਵੰਤ ਤੂਰ ਆਦਿ ਸ਼ਾਮਿਲ ਹੋਏ। ਇਸ ਬਾਰੇ ਜਦੋਂ  ਸੰਤੋਸ਼ ਕਟਾਰੀਆ ਹਲਕਾ ਵਿਧਾਇਕਾ ਨੂੰ ਪੁੱਛਿਆ ਤਾਂ ਉਹਨਾਂ  ਉਕਤ ਸਾਰੇ ਦੋਸ਼ਾਂ ਨੂੰ ਨਕਾਰਿਆ ਅਤੇ ਵਾਰਡਬੰਦੀ ਵਿਭਾਗ ਵਲੋਂ ਨਿਯਮਾਂ ਅਨੁਸਾਰ ਵਿਭਾਗੀ ਕਾਰਜ ਦੱਸਿਆ ਜਿਸ ਵਿਚ ਉਹਨਾਂ ਦਾ ਕੋਈ ਵੀ ਨਿਜੀ ਹਿੱਟ ਹੋਣ ਨੂੰ ਨਕਾਰਿਆ ।