ਵਿਕਾਸ ਕ੍ਰਾਂਤੀ ਰੈਲੀ ਨੇ ਹੁਸ਼ਿਆਰਪੁਰ ਵਿਚ ਤਰੱਕੀ ਦਾ ਨਵਾਂ ਅਧਿਆਏ ਲਿਖਿਆ : ਬ੍ਰਮ ਸ਼ੰਕਰ ਜਿੰਪਾ

  • ਕੈਬਨਿਟ ਮੰਤਰੀ ਨੇ ਰੈਲੀ ਦੀ ਅਪਾਰ ਕਾਮਯਾਬੀ ਲਈ ਕੀਤਾ ਸਭਨਾਂ ਦਾ ਧੰਨਵਾਦ
  • ਕਿਹਾ, ਰੈਲੀ ਨੇ ਵਿਰੋਧੀਆਂ ਦੇ ਮੂੰਹ ਨੂੰ ਲਾਏ ਤਾਲੇ ਅਤੇ ਕਈ ਤਾਂ ਸੌ ਹੀ ਗਏ ਹਨ

ਹੁਸ਼ਿਆਰਪੁਰ, 20 ਨਵੰਬਰ : ਹਲਕਾ ਹੁਸ਼ਿਆਰਪੁਰ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਵਿਖੇ ਹੋਈ ਵਿਕਾਸ ਕ੍ਰਾਂਤੀ ਰੈਲੀ ਦੀ ਅਪਾਰ ਕਾਮਯਾਬੀ ਲਈ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਸਮੂਹ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਖੇ ਵਿਕਾਸ ਕ੍ਰਾਂਤੀ ਰੈਲੀ ਵਿਚ ਇੰਨੀ ਵੱਡੀ ਤਾਦਾਦ ਵਿਚ ਹਿੱਸਾ ਲੈਣ ਵਾਲੇ ਸਮੂਹ ਮੰਤਰੀਆਂ, ਵਿਧਾਇਕਾਂ, ਆਗੂ ਸਾਹਿਬਾਨ ਅਤੇ ਵਲੰਟੀਅਰ ਸਾਥੀਆਂ ਵੱਲੋਂ ਦਿੱਤੇ ਸਾਥ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ 18 ਨਵੰਬਰ 2023 ਦਾ ਦਿਨ ਇਤਿਹਾਸਿਕ ਹੋ ਨਿਬੜਿਆ ਹੈ ਅਤੇ ਇਸ ਨੇ ਹੁਸ਼ਿਆਰਪੁਰ ਵਿਚ ਤਰੱਕੀ ਦਾ ਇਕ ਨਵਾਂ ਅਧਿਆਏ ਲਿਖਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 867 ਕਰੋੜ ਰੁਪਏ ਦੇ ਪ੍ਰੋਜੈਕਟਾਂ ਨਾਲ ਇਲਾਕੇ ਦੀ ਨੁਹਾਰ ਬਦਲੇਗੀ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਆਪਣੇ ਚਹੇਤੇ ਆਗੂਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਅਤੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਸ ਦਾ ਪ੍ਰਤੱਖ ਪ੍ਰਮਾਣ ਸੀ। ਬ੍ਰਮ ਸ਼ੰਕਰ ਜਿੰਪਾ ਨੇ ਇਨ੍ਹਾਂ ਦੋਵਾਂ ਆਗੂਆਂ ਦਾ ਤਹਿ ਦਿਲੋਂ ਸ਼ੁਕਰੀਆ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੁਸ਼ਿਆਰਪੁਰ ਦੇ ਵਿਕਾਸ ਨੂੰ ਹਮੇਸ਼ਾ ਤਰਜੀਹ ਦਿੱਤੀ ਗਈ ਹੈ, ਜਿਸ ਲਈ ਹੁਸ਼ਿਆਰਪੁਰ ਦੇ ਲੋਕ ਹਮੇਸ਼ਾ ਉਨ੍ਹਾਂ ਦੇ ਧੰਨਵਾਦੀ ਰਹਿਣਗੇ। ਉਨ੍ਹਾਂ ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਵਲੰਟੀਅਰਾਂ ਦੀ ਭਰਪੂਰ ਸ਼ਲਾਘਾ ਕੀਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਰੈਲੀ ਦੀ ਅਪਾਰ ਸਫਲਤਾ ਨੂੰ ਦੇਖ ਕੇ ਕਈਆਂ ਦੇ ਮੂੰਹ ਨੂੰ ਤਾਲੇ ਲੱਗ ਗਏ ਹਨ ਅਤੇ ਕਈ ਤਾਂ ਸੌ ਹੀ ਗਏ ਹਨ। ਉਨ੍ਹਾਂ ਕਿਹਾ ਕਿ ਇਸ ਲਾਮਿਸਾਲ ਰੈਲੀ ਨੇ ਵਿਰੋਧੀਆਂ ਨੂੰ ਦੱਸ ਦਿੱਤਾ ਹੈ ਕਿ ਅਨੁਸ਼ਾਸਨ ਕਿੱਦਾਂ ਮੇਨਟੇਨ ਕੀਤਾ ਜਾਂਦਾ ਹੈ।