ਕੇਂਦਰੀ ਰਾਜ ਮੰਤਰੀ ਨੇ ‘ਦਿਸ਼ਾ’ ਦੀ ਮੀਟਿੰਗ ਦੌਰਾਨ  ਯੋਜਨਾਵਾਂ ਦੀ ਕੀਤੀ ਸਮੀਖਿਆ

  • ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ’ਤੇ ਲੋਕਾਂ ਤੱਕ ਯੋਜਨਾਵਾਂ ਦਾ ਲਾਭ ਪਹੁੰਚਾਉਣ ਦੇ ਦਿੱਤੇ ਨਿਰਦੇਸ਼
  • ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਜ਼ਿਲ੍ਹੇ ਵਿਚ ਲਾਭਪਾਤਰੀਆਂ ਦੇ ਖਾਤਿਆਂ ਵਿਚ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ 2.54 ਅਰਬ ਤੋਂ ਵੱਧ ਦੀ ਰਾਸ਼ੀ

ਹੁਸ਼ਿਆਰਪੁਰ, 26 ਜੂਨ : ਕੇਂਦਰੀ ਉਦਯੋਗ ਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਨੂੰ ਤੈਅ ਸਮੇਂ ਵਿਚ ਮੁਕੰਮਲ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਇਸ ਦਾ ਸਮੇਂ ਸਿਰ ਲਾਭ ਪ੍ਰਾਪਤ ਹੋ ਸਕੇ। ਉਹ ਅੰਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਜ਼ਿਲ੍ਹਾ ਵਿਕਾਸ ਕੋਆਰਡੀਨੇਸ਼ਨ ਤੇ ਮੋਨੀਟਰਿੰਗ ਕਮੇਟੀ (ਦਿਸ਼ਾ) ਤਹਿਤ ਮੀਟਿੰਗ ਦੌਰਾਨ ਜ਼ਿਲ੍ਹੇ ਵਿਚ ਚੱਲ ਰਹੀਆਂ ਕੇਂਦਰੀ ਯੋਜਨਾਵਾਂ ਦੀ ਸਮੀਖਿਆ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ, ਵਿਧਾਇਕ ਜੰਗੀ ਲਾਲ ਮਹਾਜਨ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਕਮੇਟੀ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ਡਾ. ਦਿਲਬਾਗ ਰਾਏ, ਮਹਿੰਦਰ ਕੌਰ ਜੋਸ਼, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬਲਰਾਜ ਸਿੰਘ, ਐਸ. ਪੀ ਮਨਜੀਤ ਕੌਰ, ਐਸ. ਡੀ. ਐਮ ਦਸੂਹਾ ਓਜਸਵੀ ਅਲੰਕਾਰ, ਐਸ. ਡੀ. ਐਮ ਹੁਸ਼ਿਆਰਪੁਰ ਪ੍ਰੀਤ ਇੰਦਰ ਸਿੰਘ ਬੈਂਸ, ਐਸ. ਡੀ. ਐਮ ਮੁਕੇਰੀਆਂ ਕੰਨੂ ਥਿੰਦ, ਐਸ. ਡੀ. ਐਮ ਗੜ੍ਹਸ਼ੰਕਰ ਜਸ਼ਨਪ੍ਰੀਤ ਕੌਰ ਗਿੱਲ ਵੀ ਮੌਜੂਦ ਸਨ। ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾਵੇ, ਤਾਂ ਜੋ ਇਨ੍ਹਾਂ ਯੋਜਨਾਵਾਂ ਨਾਲ ਸਬੰਧਤ ਲਾਭਪਾਤਰੀਆਂ ਨੂੰ ਫਾਇਦਾ ਪਹੁੰਚਾਇਆ ਜਾ ਸਕੇ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ, ਸਮੱਗਰ ਸਿੱਖਿਆ ਅਭਿਆਨ, ਮੈਡੀਕਲ ਕਾਲਜ ਦੇ ਨਿਰਮਾਣ, ਜਨਨੀ ਸੁਰੱਖਿਆ ਯੋਜਨਾ, ਜਲ ਜੀਵਨ ਮਿਸ਼ਨ, ਸਵੱਛ ਭਾਰਤ ਮਿਸ਼ਨ, ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ, ਸਮਾਜਿਕ ਸੁਰੱਖਿਆ ਯੋਜਨਾਵਾਂ, ਮਗਨਰੇਗਾ, ਪੀ. ਐਮ. ਕੇ. ਵੀ. ਵਾਈ, ਬੀ. ਐਸ. ਐਨ. ਐਲ ਅਤੇ ਨੈਸ਼ਨਲ ਹਾਈਵੇਜ਼ ਅਥਾਰਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਜ਼ਿਲ੍ਹੇ ਵਿਚ 2 ਅਰਬ 54 ਕਰੋੜ 86 ਲੱਖ 58 ਹਜ਼ਾਰ ਰੁਪਏ ਦੀ ਰਾਸ਼ੀ (2,54,86,58,000) ਲਾਭਪਾਤਰੀਆਂ ਦੇ ਖਾਤਿਆਂ ਵਿਚ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲਾਭਪਾਤਰੀਆਂ ਵੱਲੋਂ ਆਪਣਾ ਈ-ਕੇ.ਵਾਈ.ਸੀ ਕਰਵਾਉਣਾ ਜ਼ਰੂਰੀ ਹੈ, ਜੋ ਕਿ ਆਪਣੇ ਨਜ਼ਦੀਕੀ ਸੇਵਾ ਕੇਂਦਰ ਤੋਂ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਇਸ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਨਿਰਮਾਣ ਕਾਰਜ ਵਿਚ ਹੋਰ ਜ਼ਿਆਦਾ ਗੰਭੀਰਤਾ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਸ਼ੁਰੂ ਕੀਤੇ ਗਏ ਕਾਰਜ ਜਲਦ ਮੁਕੰਮਲ ਕਰਕੇ ਉਨ੍ਹਾਂ ਦੇ ਵਰਤੋਂ ਸਰਟੀਫਿਕੇਟ ਭੇਜੇ ਜਾਣ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੂੰ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹੇ ਵਿਚ ਐਮ. ਪੀ ਲੈਡ ਫੰਡ ਤੋਂ ਇਲਾਵਾ ਹੋਰਨਾਂ ਕੇਂਦਰੀ ਯੋਜਨਾਵਾਂ ਤਹਿਤ ਸ਼ੁਰੂ ਕੀਤੇ ਗਏ ਵਿਕਾਸ ਕਾਰਜ ਜਲਦ ਮੁਕੰਮਲ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰੀ ਯੋਜਨਾਵਾਂ ਨੂੰ ਜ਼ਿਲ੍ਹੇ ਵਿਚ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ ਪੂਰੀ ਗੰਭੀਰਤਾ ਦਿਖਾਈ ਜਾ ਰਹੀ ਹੈ ਅਤੇ ਇਨ੍ਹਾਂ ਯੋਜਨਾਵਾਂ ਨਾਲ ਸਬੰਧਤ ਵਿਭਾਗਾਂ ਨਾਲ ਲਗਾਤਾਰ ਰਿਵੀਊ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿਭਾਗਾਂ ਨੂੰ ਸ਼ੁਰੂ ਕੀਤੇ ਗਏ ਵਿਕਾਸ ਕਾਰਜ ਨਿਰਧਾਰਤ ਸਮੇਂ ਵਿਚ ਮੁਕੰਮਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।