ਬੰਗਾ ‘ਚ ਸੁੱਤੇ ਪਏ ਦੋ ਮਾਸੂਮ ਬੱਚਿਆਂ ਨੂੰ ਸੱਪ ਨੇ ਕੱਟਿਆ, ਮੌਤ

ਬੰਗਾ, 02 ਅਕਤੂਬਰ : ਬੰਗਾ ਦੇ ਨੇੜਲੇ ਪਿੰਡ ਕੁਲਥਮ ਵਿਖੇ ਬੀਤੀ ਰਾਤ ਸੁੱਤੇ ਪਏ ਭੈਣ ਭਰਾ ਦੀ ਸੱਪ ਲੜਨ ਦੇ ਕਾਰਨ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਦੀਕ ਮੁਹੰਮਦ ਨੇ ਦੱਸਿਆ ਕਿ ਉਸਦੀ ਪਤਨੀ ਬਿਮਾਰ ਹੋਣ ਕਰਕੇ ੳਸਦਾ ਇਲਾਜ਼ ਲਈ ਦੁਸਾਂਝ ਕਲਾ ਹਸਪਤਾਲ ਤੋਂ ਚੱਲ ਰਿਹਾ ਹੈ, ਦੇਰ ਰਾਤ ਕਰੀਬ 2 ਵਜੇ ਉਸਦੇ ਦੋਵੇਂ ਬੱਚਿਆਂ ਦਿਲਵਰ (10) ਤੇ ਲੜਕੀ ਸ਼ਾਇਰਾ (6) ਨੂੰ ਇੱਕ ਜਹਿਰੀਲੇ ਸੱਪ ਨੇ ਉਸ ਸਮੇਂ ਕੱਟ ਲਿਆ ਜਦੋਂ ਉਹ ਬੈਡ ਤੇ ਸੁੱਤੇ ਹੋਏ ਸਨ, ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਬੱਚਿਆਂ ਨੂੰ ਇਲਾਜ ਲਈ ਫਗਵਾੜਾ ਦੇ ਵੱਖ ਵੱਖ ਹਸਪਤਾਲਾਂ ‘ਚ ਲੈ ਕੇ ਗਏ, ਪਰ ਉਨ੍ਹਾਂ ਨੂੰ ਕੋਈ ਡਾਕਟਰ ਨਹੀਂ ਮਿਲਿਆ, ਜਦੋਂ ਉਹ ਸਿਵਲ ਹਸਪਤਾਲ ਫਗਵਾੜਾ ਗਏ ਤਾਂ ਉੱਥੇ ਡਾਕਟਰਾਂ ਨੇ ਜਾਂਚ ਕੀਤੀ ਤੇ ਬੱਚਿਆਂ ਨੁੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਬੱਚਿਆਂ ਦੇ ਪਿਤਾ ਨੇ ਭਰੇ ਮਨ ਨਾਲ ਕਿਹਾ ਕਿ ਕਾਂਸ ਕਿਤੇ ਡਾਕਟਰ ਮਿਲ ਜਾਂਦਾ ਤਾਂ ਉਸ ਦੇ ਦੋਵੇਂ ਮਾਸੂਮ ਬੱਚੇ ਬਚ ਜਾਂਦੇ। ਬੱਚਿਆਂ ਦੀ ਮੌਤ ਕਾਰਨ ਇਲਾਕੇ ‘ਚ ਸੋਗ ਦੀ ਲਹਿਰ ਹੈ।