ਜਵਾਹਰ ਨਵੋਦਿਆ ਵਿਦਿਆਲਾ ਪੋਜੇਵਾਲ ਵਿਖੇ ਤਿੰਨ ਦਿਨਾਂ ਕੈਰੀਅਰ ਕਾਨਫਰੰਸ ਆਯੋਜਿਤ  

ਨਵਾਂਸ਼ਹਿਰ, 21 ਫਰਵਰੀ : ਜ਼ਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪੱਤੀ ਅਤੇ ਹੁਨਰ ਵਿਕਾਸ ਸ਼ਹੀਦ ਭਗਤ ਸਿੰਘ ਨਗਰ, ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ ਨਾਲ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੂੰ ਵੀ ਕੈਰੀਅਰ ਵਿਉਤਬੰਦੀ ਕਰਨ ਲਈ ਵੀ ਸਹਾਇਤਾ ਕਰ ਰਿਹਾ ਹੈ। ਇਸ ਸੰਬਧ ਵਿੱਚ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਰੋਜ਼ਗਾਰ ਅਫ਼ਸਰ ਸੰਜੀਵ ਕੁਮਾਰ ਵੱਲੋਂ ਦੱਸਿਆ ਗਿਆ ਕਿ ਬਿਊਰੋ ਵੱਲੋਂ ਜਵਾਹਰ ਨਵੋਦਿਆ ਵਿਦਿਆਲਾ ਪੋਜੇਵਾਲ ਵਿਖੇ ਨੌਵੀ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਤਿੰਨ ਦਿਨਾਂ ਕੈਰੀਅਰ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬਿਊਰੋ ਦੇ ਅਧਿਕਾਰੀ ਅਮਿਤ ਕੁਮਾਰ, ਪਲੇਸਮੈਂਟ ਅਫ਼ਸਰ ਅਤੇ ਜਸਵੀਰ ਸਿੰਘ, ਕੈਰੀਅਰ ਕਾਊਂਸਲਰ ਵੱਲੋਂ ਵੱਖ—ਵੱਖ ਵਿਸ਼ਿਆਂ ਜਿਵੇਂ 10ਵੀਂ, 12ਵੀਂ ਤੋਂ ਬਾਅਦ ਕੈਰੀਅਰ, ਅਤੇ ਰੋਜ਼ਗਾਰ ਦੇ ਮੌਕੇ, ਵਿਅਕਤੀਗਤ ਵਿਕਾਸ, ਸਾਫਟ ਸਕਿੱਲਜ਼, ਡਿਜੀਟਲ ਇੰਡੀਆ ਥੀਮ, ਸੰਵਾਦ ਸਕਿੱਲਜ਼, ਸਿਸ਼ਟਾਚਾਰ, ਸਾਈਕੋ ਮੀਟ੍ਰਿਕ ਟੈਸਟਿੰਗ ਆਦਿ ਵਿਸ਼ਿਆਂ ਤੇ ਵਿਦਿਆਰਥੀਆਂ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਸ ਤਿੰਨ ਦਿਨਾਂ ਕਾਨਫਰੰਸ ਵਿੱਚ 400 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਕੈਰੀਅਰ ਵਿਉਂਤਬੰਦੀ ਅਤੇ ਰੋਜ਼ਗਾਰ/ਸਵੈ—ਰੋਜ਼ਗਾਰ ਸਬੰਧੀ ਜਾਣਕਾਰੀ ਲਈ ਬਿਊਰੋ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਆਧੁਨਿਕ ਲਾਇਬ੍ਰੇਰੀ ਬਿਊਰੋ ਵਿਖੇ ਬਣਾਈ ਗਈ ਹੈ, ਜਿਸ ਵਿੱਚ 200 ਤੋਂ ਵੱਧ ਪੁਸਤਕਾਂ ਦੇ ਨਾਲ ਅਖਬਾਰ ਅਤੇ ਮੁਫ਼ਤ ਇੰਟਰਨੈੱਟ ਦੀ ਸੁਵਿਧਾ ਉਪਲਬਧ ਹੈ।