ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦਾ ਧੜਾ ਪੰਥ ਨੂੰ ਗੁਮਰਾਹ ਕਰ ਰਹੇ ਹਨ : ਪਰਮਿੰਦਰ ਸਿੰਘ ਢੀਂਡਸਾ

  • ਬੀਬੀ ਜਗੀਰ ਕੌਰ ਨੇ ਅਕਾਲੀ ਦਲ ਬਚਾਓ ਮੁਹਿੰਮ ਚਲਾਉਣ ਦਾ ਕੀਤਾ ਐਲਾਨ

ਜਲੰਧਰ,, 09 ਜੁਲਾਈ 2024 : ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਕੋਈ ਵੱਖਰੀ ਸਿਆਸੀ ਪਾਰਟੀ ਨਹੀਂ ਬਣਾਉਣਗੇ, ਸਗੋਂ ਸ਼੍ਰੋਮਣੀ ਅਕਾਲੀ ਦਲ ਬਚਾਓ ਮੁਹਿੰਮ ਚਲਾਉਣਗੇ। ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ ਨੂੰ ਸਫਲਤਾ ਦੀਆਂ ਬੁਲੰਦੀਆਂ ‘ਤੇ ਲਿਜਾਣ ਲਈ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਇਸ ਸਬੰਧੀ  ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਗਾਵਤ ਕਰਨ ਵਾਲੇ ਉਨ੍ਹਾਂ ਨੇ ਨਹੀਂ ਸਗੋਂ ਪਾਰਟੀ ਲਈ ਸਤਿਕਾਰਯੋਗ ਪੈਂਤੜੇ ਦੇ ਉਲਟ ਬਹੁਜਨ ਸਮਾਜ ਪਾਰਟੀ ਦਾ ਸਮਰਥਨ ਕਰਨ ਵਾਲੇ ਸੁਖਬੀਰ ਬਾਦਲ ਹੀ ਹਨ। ਜਲੰਧਰ ਪੱਛਮੀ ਦੇ ਲੋਕਾਂ ਨੂੰ ਟਕੜੀ ਦੇ ਚੋਣ ਨਿਸ਼ਾਨ ‘ਤੇ ਚੋਣ ਲੜ ਰਹੀ ਬੀਬੀ ਸੁਰਜੀਤ ਕੌਰ ਦਾ ਸਮਰਥਨ ਕਰਨ ਦਾ ਸੱਦਾ ਦਿੰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਹਲਕਾ ਪੱਛਮੀ ‘ਚ ਨਸ਼ਾਖੋਰੀ, ਲਾਟਰੀ ਅਤੇ ਸੱਟੇਬਾਜ਼ੀ ਸਮਾਜ ਨੂੰ ਤਬਾਹੀ ਦੇ ਰਾਹ ‘ਤੇ ਲਿਜਾ ਰਹੀ ਹੈ, ਇਨ੍ਹਾਂ ਨੂੰ ਖਤਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਮਰਹੂਮ ਜਥੇਦਾਰ ਪ੍ਰੀਤਮ ਸਿੰਘ ਦੀ ਧਰਮ ਪਤਨੀ ਬੀਬੀ ਸੁਰਜੀਤ ਕੌਰ ਨੂੰ ਕਾਮਯਾਬ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਲੀਡਰਸ਼ਿਪ ਦੀਆਂ ਗਲਤੀਆਂ ਕਾਰਨ ਹੀ ਪਿਛਲੀਆਂ ਪੰਜ ਚੋਣਾਂ ਦੌਰਾਨ ਅਕਾਲੀ ਦਲ ਦਾ ਗ੍ਰਾਫ ਦਿਨੋਂ-ਦਿਨ ਹੇਠਾਂ ਗਿਆ ਹੈ। ਇਸ ਲਈ ਪਾਰਟੀ ਪ੍ਰਧਾਨ ਤੇ ਉਨ੍ਹਾਂ ਦੇ ਸਲਾਹਕਾਰਾਂ ਵੱਲੋਂ ਪਿਛਲੇ ਸਮੇਂ ਦੌਰਾਨ ਪੰਥਕ ਵਿਚਾਰਧਾਰਾ ਤੇ ਸਿਧਾਂਤਾਂ ਨੂੰ ਵਿਸਾਰ ਕੇ ਕੀਤੀਆਂ ਗਈਆਂ ਘੋਰ ਗਲਤੀਆਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਤੋਂ ਮੰਗ ਕਰਦੇ ਹਨ ਕਿ ਜੇ ਵਿਰਸਾ ਸਿੰਘ ਵਲਟੋਹਾ ਦੇ ਕਹਿਣ ’ਤੇ ਗੁਰਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ’ਚ ਕੱਢਿਆ ਗਿਆ ਹੈ ਤਾਂ ਹੁਣ ਜ਼ਿਮਨੀ ਚੋਣ ਦੌਰਾਨ ਪਾਰਟੀ ਉਮੀਦਵਾਰ ਦੀ ਬਜਾਏ ਬਸਪਾ ਉਮੀਦਵਾਰ ਦੀ ਹਮਾਇਤ ਕਰਨ ’ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ, ਡਾ. ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ, ਕੁਲਵੰਤ ਸਿੰਘ ਮੰਨਣ ਤੇ ਉਨ੍ਹਾਂ ਦੇ ਧੜੇ ਵਿਰੁੱਧ ਕਿਉਂ ਨਹੀਂ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਰਹੀ ਹੈ। ਵੱਖਰੀ ਪਾਰਟੀ ਬਣਾਉਣ ਦੇ ਸਵਾਲ ’ਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਸੱਚੇ ਸਿਪਾਹੀ ਅਤੇ ਪਾਰਟੀ ਦੇ ਨਿਸ਼ਾਨ ਤੇ ਵਿਚਾਰਧਾਰਾ ਦੇ ਪੱਕੇ ਹਨ। ਇਸ ਲਈ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੀ ਪਾਰਟੀ ਹੈ ਨਾ ਕਿ ਕਿਸੇ ਵਿਅਕਤੀ ਦੀ ਜਗੀਰ। ਪਾਰਟੀ ਦੀਆਂ ਗਲਤੀਆਂ ਸੁਧਾਰਨ ਲਈ ਉਨ੍ਹਾਂ ਨੇ ‘ਅਕਾਲੀ ਦਲ ਸੁਧਾਰ ਲਹਿਰ’ ਆਰੰਭੀ ਹੈ ਅਤੇ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਹੋਈਆਂ ਗਲਤੀਆਂ ਦੀ ਖਿਮਾ ਜਾਚਣਾ ਕੀਤੀ ਹੈ। ਸੱਤਾਧਾਰੀ ਪਾਰਟੀ ’ਤੇ ਪਾਰਟੀ ਉਮੀਦਵਾਰ ਨੂੰ ਪਰੇਸ਼ਾਨ ਕਰਨ ਦੇ ਦੋਸ਼ ਲਾਉਂਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਰਕਾਰ ਨੇ ਉਮੀਦਵਾਰ ਸੁਰਜੀਤ ਕੌਰ ਦੇ ਦਫਤਰ ਦੇ ਬਾਹਰ ਪਾਣੀ ਦੀ ਸਪਲਾਈ ਪਾਉਣ ਦਾ ਬਹਾਨਾ ਲਾ ਕੇ ਸਾਰਾ ਰਸਤਾ ਪੁੱਟ ਦਿੱਤਾ ਹੈ ਤਾਂ ਜੋ ਪਾਰਟੀ ਵਰਕਰ ਉਥੇ ਆ ਹੀ ਨਾ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ’ਚ ਸ਼ਾਂਤੀ, ਸੁਰੱਖਿਆ ਤੇ ਵਿਕਾਸ ’ਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਇਤਿਹਾਸ ’ਚ ਇਹ ਪਹਿਲੀ ਹੋਇਆ ਹੈ ਕਿ ਪਾਰਟੀ ਪ੍ਰਧਾਨ ਨੇ ਆਪਣੀ ਪਾਰਟੀ ਦੇ ਉਮੀਦਵਾਰ ਤੇ ਪੰਥ ਦੇ ਚੋਣ ਨਿਸ਼ਾਨ ਤੱਕੜੀ ਤੋਂ ਹੱਥ ਪਿੱਛੇ ਖਿੱਚੇ ਹੋਣ। ਉਨ੍ਹਾਂ ਕਿਹਾ ਕਿ ਬੀਬੀ ਸੁਰਜੀਤ ਕੌਰ ਨੂੰ ਉਮੀਦਵਾਰ ਵਜੋਂ ਐਲਾਨੇ ਜਾਣ ਦਾ ਫੈਸਲਾ ਪਾਰਟੀ ਪ੍ਰਧਾਨ ਦੀ ਸਹਿਮਤੀ ਨਾਲ ਕੀਤਾ ਗਿਆ ਸੀ ਜੋ ਹੁਣ ਉਨ੍ਹਾਂ ਉਮੀਦਵਾਰ ਮੰਨਣ ਤੋਂ ਮੁੱਕਰ ਗਏ ਹਨ। ਜਥੇਦਾਰ ਵਡਾਲਾ ਨੇ ਕਿਹਾ ਕਿ ਅਜਿਹੇ ਪਾਰਟੀ ਦੀ ਵਿਚਾਰਧਾਰਾ ਤੇ ਸਿਧਾਂਤਾਂ ਵਿਰੋਧੀ ਫੈਸਲਿਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਪੱਧਰ ’ਤੇ ਨੁਕਸਾਨ ਝੱਲਣਾ ਪਿਆ ਹੈ ਅਤੇ ਪਾਰਟੀ ਦਾ ਕੇਡਰ ਨਿਰਾਸ਼ ਹੋ ਕੇ ਘਰਾਂ ਅੰਦਰ ਬੈਠ ਗਿਆ ਹੈ ਪਰ ਅਸੀਂ ਅਕਾਲੀ ਦਲ ਸੁਧਾਰ ਲਹਿਰ ਰਾਹੀਂ ਵਰਕਰਾਂ ਨੂੰ ਲਾਮਬੰਦ ਕਰ ਕੇ ਪਾਰਟੀ ਲਈ ਕੰਮ ਕਰਨ ਵਾਸਤੇ ਤਿਆਰ ਕਰਾਂਗੇ ਤੇ ਪਾਰਟੀ ਨੂੰ ਮੁੜ ਪੈਰਾਂ ਸਿਰ ਕਰਾਂਗੇ। ਅਕਾਲੀ ਦਲ ਦੇ ਬੁਲਾਰੇ ਵੱਲੋਂ ਇਕ ਚੈਨਲ ’ਤੇ ਦਿੱਤੇ ਬਿਆਨ ਕਿ ਡੇਰਾ ਸਿਰਸਾ ਮੁਖੀ ਮਾਫ਼ੀ ਦੇਣ ਲਈ ਸੁਖਬੀਰ ਬਾਦਲ ਤੇ ਦਲਜੀਤ ਚੀਮਾ ਜ਼ਿੰਮੇਵਾਰ ਨਹੀਂ ਬਲਕਿ ਡੇਰਾ ਮੁਖੀ ਨੂੰ ਮਿਲਣ ਲਈ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਤੇ ਪਰਮਿੰਦਰ ਸਿੰਘ ਢੀਂਡਸਾ ਗਏ ਸਨ, ਜਿਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹ ਵੀ ਲਾਈ ਗਈ ਸੀ, ਬਾਰੇ ਪੁੱਛੇ ਜਾਣ ’ਤੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਡੇਰਾ ਮੁਖੀ ਨੂੰ ਮਿਲਣ ਉਹ ਤਿੰਨੇ ਨਹੀਂ ਬਲਕਿ ਮਾਲਵੇ ਦੇ ਅਕਾਲੀ ਉਮੀਦਵਾਰ ਗਏ ਸਨ, ਜਿਨ੍ਹਾਂ ਨੂੰ ਪਾਰਟੀ ਹਾਈਕਮਾਂਡ ਨੇ ਹੀ ਭੇਜਿਆ ਸੀ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਸਿਰਫ਼ ਉਨ੍ਹਾਂ ਤਿੰਨਾਂ ਨੂੰ ਹੀ ਤਨਖਾਹ ਨਹੀਂ ਲਾਈ ਗਈ ਸੀ ਬਲਕਿ ਮਾਲਵੇ ਨਾਲ ਸਬੰਧਤ ਸਾਰੇ ਹੀ ਅਕਾਲੀ ਉਮੀਦਵਾਰਾਂ ਨੂੰ ਹੀ ਇਹ ਸਜ਼ਾ ਲਾਈ ਗਈ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦਾ ਧੜਾ ਪੰਥ ਨੂੰ ਗੁਮਰਾਹ ਕਰ ਰਹੇ ਹਨ। ਸਾਰੇ ਹੀ ਆਗੂਆਂ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਜੋ ਮਰਹੂਮ ਟਕਸਾਲੀ ਅਕਾਲੀ ਜਥੇਦਾਰ ਪ੍ਰੀਤਮ ਦੀ ਧਰਮਪਤਨੀ ਹਨ, ਨੂੰ ਆਪਣੇ ਸਮਰਥਨ ਦੇ ਕੇ ਕਾਮਯਾਬ ਕਰਨ।