ਨਸ਼ਿਆਂ ਦੇ ਖਾਤਮੇ ਲਈ ਲਈ ਸਖਤੀ ਨਾਲ ਚੁੱਕੇ ਜਾਣ ਕਦਮ - ਡਿਪਟੀ ਕਮਿਸ਼ਨਰ

ਨਵਾਂਸ਼ਹਿਰ 22 ਜੁਲਾਈ 2024 : ਡਿਪਟੀ ਕਮਿਸ਼ਨਰ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਨਸ਼ਿਆਂ ਦੀ ਤਸਕਰੀ ਨੂੰ ਨੱਥ ਪਾਉਣ ਅਤੇ ਨਸ਼ਿਆਂ ਦੇ ਖਾਤਮੇ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਐਨਸੀਆਰਡੀ (ਨੈਸ਼ਨਲ ਕੋਆਰਡੀਨੇਸ਼ਨ ਸੈਂਟਰ ਫਾਰ ਡਰੱਗ ਅਬਿਊਜ਼ ਕੰਟਰੋਲ) ਦੀ ਮੀਟਿੰਗ ਦੌਰਾਨ ਨਸ਼ਾ ਤਸਕਰੀ ਵਿਰੁੱਧ ਸਖ਼ਤ ਕਦਮ ਚੁੱਕਣ ਲਈ ਨਿਰਦੇਸ਼ ਦਿੱਤੇ। ਇਸ ਦੌਰਾਨ ਏ.ਡੀ.ਸੀ.(ਜ) ਰਾਜੀਵ ਵਰਮਾ, ਐਸ.ਡੀ.ਐਮ ਨਵਾਂਸ਼ਹਿਰ ਅਕਸ਼ਿਤਾ ਗੁਪਤਾ, ਐਸ.ਡੀ.ਐਮ ਬੰਗਾ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ ਰਵਿੰਦਰ ਸਿੰਘ ਬਾਂਸਲ ਸਮੇਤ ਮੁੱਖ ਜਿਲ੍ਹਾ ਅਧਿਕਾਰੀ ਮੌਜੂਦ ਸਨ।  ਡਿਪਟੀ ਕਮਿਸ਼ਨਰ ਨੇ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਹਰੇਕ ਕੈਮਿਸਟ ਦੀ ਦੁਕਾਨ 'ਤੇ ਵਾਈ-ਫਾਈ ਵਾਲੇ ਕੈਮਰੇ ਲਗਾਉਣ ਨੂੰ ਯਕੀਨੀ ਬਣਾਉਣ  ਅਤੇ  ਡਾਕਟਰ ਦੀ ਪਰਚੀ ਤੋਂ ਬਿਨਾਂ  ਦਵਾਈ ਨਾ ਦਿੱਤੀ ਜਾਵੇ। ਉਹਨਾਂ ਨੇ ਕਿਹਾ ਕਿ  ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ  ਜਾਗਰੂਕਤਾ ਵਧਾਉਣ 'ਤੇ ਜ਼ੋਰ ਦਿੰਦੇ ਹੋਏ 2024 ਲਈ "ਨਸ਼ਾ ਮੁਕਤ ਭਾਰਤ ਅਭਿਆਨ" ਯੋਜਨਾ ਦੀ ਕਾਮਯਾਬੀ ਲਈ ਮਿਲ ਕੇ ਅਭਿਆਨ ਚਲਾਉਣ ਸਬੰਧੀ  ਵਿਭਾਗ ਦੇ ਅਧਿਕਾਰੀਆਂ ਨੂੰ ਪ੍ਰੇਰਿਤ ਕੀਤਾ। ਉਹਨਾਂ ਨੇ ਕਿਹਾ ਕਿ  ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਹੋਰ ਏਜੰਸੀਆਂ ਦੇ ਸਹਿਯੋਗ ਨਾਲ ਨਸ਼ਿਆਂ ਦੇ ਖ਼ਤਰਿਆਂ ਨੂੰ ਉਜਾਗਰ ਕਰਨ ਲਈ ਬਣਾਈਆਂ ਗਈਆਂ ਗਤੀਵਿਧੀਆਂ ਦੀ ਲੜੀ ਰਾਹੀਂ ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਹੈਲਪਲਾਈਨ ਨੰਬਰ 9988 30 3232 ਤੇ ਕਿਸੇ ਵੱਲੋਂ ਵੀ ਡਰੱਗ-ਸਬੰਧਤ ਗਤੀਵਿਧੀਆਂ ਦੀ ਗੁਪਤ ਰੂਪ ਵਿੱਚ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਹ ਹੈਲਪਲਾਈਨ ਨਸ਼ਿਆਂ ਦੀ ਸਪਲਾਈ ਅਤੇ ਵੰਡ ਨੂੰ ਰੋਕਣ ਲਈ ਜ਼ਿਲ੍ਹੇ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਸਾਧਨ ਹੈ।