ਸੂਬੇ ਵਿਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਪਿੰਡ-ਪਿੰਡ ਖੋਲ੍ਹੇ ਜਾ ਰਹੇ ਹਨ ਖੇਡ ਸਟੇਡੀਅਮ : ਬ੍ਰਮ ਸ਼ੰਕਰ ਜਿੰਪਾ

  • ਕੈਬਨਿਟ ਮੰਤਰੀ ਨੇ ਪਿੰਡ ਚੌਹਾਲ ਵਿਚ 22.77 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ

ਹੁਸ਼ਿਆਰਪੁਰ, 28 ਅਗਸਤ : ਕੈਬਨਿਟ ਮੰਤਰੀ ਪੰਜਾਬ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਖੇਡ ਸੱਭਿਆਚਾਰ ਨਾਲ ਜੋੜਨ ਲਈ ਪਿੰਡਾਂ ਵਿਚ ਅਤਿ-ਆਧੁਨਿਕ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਤਾਂ ਜੋ ਪਿੰਡਾਂ ਵਿਚ ਨੌਜਵਾਨਾਂ ਨੂੰ ਵੱਖ-ਵੱਖ ਖੇਡਾਂ ਨਾਲ ਸਬੰਧਤ ਸਹੂਲਤਾਂ ਮਿਲ ਸਕਣ। ਉਹ ਪਿੰਡ ਚੌਹਾਲ ਵਿਚ 22.77 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਰੰਗਲੇ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਸੂਬੇ ਦੇ ਨੌਜਵਾਨਾਂ ਨੇ ਸਭ ਤੋਂ ਵੱਧ ਯੋਗਦਾਨ ਪਾਇਆ ਹੈ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਹੀ ਪੰਜਾਬ ਨੂੰ ਇਕ ਵਾਰ ਫਿਰ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਖੇਡ ਸਟੇਡੀਅਮ ਵਿਚ ਜਿਥੇ ਇਕ ਵਧੀਆ ਸੈਰਗਾਹ ਬਣਾਈ ਜਾਵੇਗੀ, ਉੱਥੇ ਇਕ ਓਪਨ ਜਿੰਮ ਵੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਫੁੱਟਬਾਲ, ਬੈਡਮਿੰਟਨ, ਕਬੱਡੀ, ਵਾਲੀਬਾਲ ਦੀਆਂ ਗਰਾਊਂਡਾਂ ਵੀ ਬਣਾਈਆਂ ਜਾਣਗੀਆਂ। ਇਸ ਤਰ੍ਹਾਂ ਇਹ ਪਾਰਕ ਪਿੰਡ ਦੇ ਸਾਰੇ ਵਰਗਾਂ ਲਈ ਬਹੁਤ ਵਧੀਆ ਜਗ੍ਹਾ ਹੋਵੇਗੀ, ਜਿਥੇ ਲੋਕ ਆਪਣਾ ਕੁਆਲਟੀ ਸਮਾਂ ਬਤੀਤ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੇ ਖੇਡ ਸਟੇਡੀਅਮ ਉਨ੍ਹਾਂ ਪਿੰਡਾਂ ਵਿਚ ਬਣਾਏ ਜਾ ਰਹੇ ਹਨ ਜਿਥੇ ਦੋ ਏਕੜ ਤੋਂ ਵੱਧ ਜ਼ਮੀਨ ਉਪਲਬੱਧ ਹੈ। ਇਸ ਮੌਕੇ ਚੇਅਰਮੈਨ ਦਿ ਹੁਸ਼ਿਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਵਿਕਰਮ ਸ਼ਰਮਾ, ਐਕਸੀਅਨ ਪੰਚਾਇਤੀ ਰਾਜ ਰਾਜ ਕੁਮਾਰ, ਬੀ.ਡੀ.ਪੀ.ਓ ਸੁਖਜਿੰਦਰ ਸਿੰਘ, ਐਸ.ਡੀ.ਓ ਪੰਚਾਇਤੀ ਰਾਜ ਅਮਰਜੀਤ ਸਿੰਘ, ਵਰਿੰਦਰ ਸ਼ਰਮਾ ਬਿੰਦੂ, ਸਰਪੰਚ ਜਸਵੰਤ ਸਿੰਘ, ਬਲਵਿੰਦਰ ਕੁਮਾਰ ਭੱਟੀ, ਪ੍ਰਿਤਪਾਲ, ਰਾਜਨ ਸੈਣੀ, ਅਵਤਾਰ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।